Nov 21, 2025 8:22 PM - Connect Newsroom - Pervez Sandhu, with files from The Canadian Press

ਬੀ.ਸੀ. ਦੇ ਸੈਂਟਰਲ ਕੋਸਟ ਇਲਾਕੇ 'ਚ ਬੈਲਾ ਕੂਲਾ ਵਿਖੇ ਇੱਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆਂ ਦੇ ਗਰੁੱਪ 'ਤੇ ਇੱਕ ਗਰਿਜ਼ਲੀ ਰਿੱਛ ਨੇ ਹਮਲਾ ਕਰ ਦਿੱਤਾ।
ਇਸ ਘਟਨਾ 'ਚ ਕੁੱਲ 11 ਲੋਕਾਂ ਦੇ ਜਖਮੀ ਹੋਣ ਦੀ ਜਾਣਕਾਰੀ ਹੈ ਜਿਸ 'ਚ 2 ਦੀ ਹਾਲਤ ਨਾਜ਼ੁਕ ਦੱਸੀ ਗਈ ਹੈ ਜਦਕਿ ਦੋ ਹੋਰ ਲੋਕ ਗੰਭੀਰ ਜਖਮੀ ਹੋਏ ਹਨ।
ਬੀ.ਸੀ. ਐਮਰਜੈਂਸੀ ਹੈਲਥ ਸਰਵਿਸਿਸ ਅਨੁਸਾਰ 7 ਲੋਕਾਂ ਨੂੰ ਮੌਕੇ 'ਤੇ ਹੀ ਉਪਚਾਰ ਪ੍ਰਦਾਨ ਕੀਤਾ ਗਿਆ ਸੀ। ਘਟਨਾ ਵੀਰਵਾਰ ਦੁਪਹਿਰ ਕਰੀਬ 2 ਵਜੇ ਵਾਪਰੀ ਦੱਸੀ ਗਈ ਹੈ।
ਪ੍ਰਤੱਖਦਰਸ਼ੀਆਂ ਅਨੁਸਾਰ ਕਈ ਲੋਕਾਂ ਨੇ ਰਿੱਛ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਮੇਲ ਅਧਿਆਪਕ ਨੇ ਰਿੱਛ ਦਾ ਸਾਹਮਣਾ ਕੀਤਾ ਅਤੇ ਉਸ ਨੂੰ ਬੇਹੱਦ ਗੰਭੀਰ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਇਸ ਅਧਿਆਪਕ ਨੂੰ ਹੈਲੀਕਾਪਟਰ 'ਤੇ ਹਸਪਤਾਲ ਪਹੁੰਚਾਇਆ ਗਿਆ।
ਬੈਲਾ ਕੂਲਾ ਦਾ ਇਲਾਕਾ ਵੈਨਕੂਵਰ ਤੋਂ ਕਰੀਬ 700 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਬੀ.ਸੀ. ਕੰਜ਼ਰਵੇਸ਼ਨ ਆਫਿਸਰ ਸਰਵਿਸ ਤੋਂ ਇੰਸਪੈਕਟਰ ਕੈਵਿਨ ਵੈਨ ਡੈਮ ਨੇ ਦੱਸਿਆ ਕਿ ਕੁਝ ਜਖਮੀ ਲੋਕਾਂ ਨੂੰ ਵੈਨਕੂਵਰ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਰਿੱਛ ਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਹੈ।
ਇਸ ਘਟਨਾ ਸੰਬੰਧੀ ਗੱਲਬਾਤ ਕਰਦਿਆਂ ਅੱਜ ਪ੍ਰੀਮਿਅਰ ਡੇਵਿਡ ਇਬੀ ਨੇ ਬਹਾਦੁਰੀ ਵਿਖਾਉਣ ਵਾਲੇ ਅਧਿਆਪਕਾਂ ਦਾ ਧੰਨਵਾਦ ਕੀਤਾ।
ਬੀਤੇ ਦੋ ਮਹੀਨੇ 'ਚ ਰਿੱਛਾਂ ਸੰਬੰਧੀ ਬੀ.ਸੀ. 'ਚ ਕਈ ਹਮਲੇ ਵਾਪਰ ਚੁੱਕੇ ਹਨ।
29 ਸਿਤੰਬਰ ਨੂੰ ਫੋਰਟ ਸੇਂਟ ਜੇਮਸ ਦੇ ਇਲਾਕੇ 'ਚ ਇੱਕ ਗਰਿਜਲੀ ਨੇ ਇੱਕ ਹੰਟਰ 'ਤੇ ਹਮਲਾ ਕੀਤਾ ਸੀ।
ਇਸ ਤੋਂ ਬਾਅਦ 2 ਅਕਤੂਬਰ ਨੂੰ ਇੱਕ ਗਰਿਜਲੀ ਮਾਂ ਨੇ ਆਪਣੇ ਦੋ ਕੱਬਸ ਨਾਲ ਇੱਕ ਸ਼ਿਕਾਰੀ 'ਤੇ ਹਮਲਾ ਕੀਤਾ ਸੀ। ਮੌਕੇ 'ਤੇ ਸ਼ਿਕਾਰੀ ਆਪਣਾ ਬਚਾਅ ਕਰਨ 'ਚ ਕਾਮਯਾਬ ਰਿਹਾ ਸੀ ਪਰ ਉਹ ਗੰਭੀਰ ਜਖਮੀ ਹੋ ਗਿਆ ਸੀ। ਬਦਕਿਸਮਤੀ ਨਾਲ ਮਲਟੀਪਲ ਸਰਜਰੀਸ ਦੇ ਨਾਵਜੂਦ ਇਸ ਸ਼ਿਕਾਰੀ ਦੀ 3 ਹਫਤੇ ਬਾਅਦ ਮੌਤ ਹੋ ਗਈ ਸੀ।
12 ਅਕਤੂਬਰ ਨੂੰ ਪ੍ਰਿੰਸ ਜੌਰਜ ਕੋਲ ਦੋ ਹਾਈਕਰਸ ਇਸੇ ਪ੍ਰਕਾਰ ਦੇ ਗਰਿਜਲੀ ਹਮਲੇ 'ਚ ਜਖਮੀ ਹੋ ਗਏ ਸਨ।
ਬੀ.ਸੀ. ਕੰਜ਼ਰਵੇਸ਼ਨ ਆਫਿਸਰ ਸਰਵਿਸ ਵੱਲੋਂ ਹਾਈਕਰਸ ਅਤੇ ਸ਼ਿਕਾਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਮੁਮਕਿਨ ਹੋਵੇ ਤਾਂ ਗਰੁੱਪਸ ਵਿੱਚ ਟਰੈਵਲ ਕੀਤਾ ਜਾਵੇ ਅਤੇ ਆਪਣਾ ਖਾਣਾ ਸੁਰੱਖਿਅਤ ਰੱਖਿਆ ਜਾਵੇ ਅਤੇ ਕੋਲ ਬੇਅਰ ਸਪ੍ਰੇਅ ਰੱਖਿਆ ਜਾਵੇ।




