Jun 24, 2020 12:36 AM -

ਮੰਗਲਵਾਰ ਨੂੰ ਬੀ.ਸੀ. 'ਚ ਕੋਰੋਨਾ ਵਾਇਰਸ ਦੇ 13 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ।
ਹਾਲਾਂਕਿ ਦੁੱਖ ਦੀ ਖਬਰ ਰਹੀ ਕਿ ਇੱਕ ਵਾਇਰਸ ਪੀੜਤ ਦੇ ਦਮ ਤੋੜਨ ਬਾਰੇ ਵੀ ਦੱਸਿਆ ਗਿਆ ਹੈ।
ਇਹ ਮਾਮਲੇ ਸੋਮਵਾਰ ਤੋਂ ਮੰਗਲਵਾਰ ਦੇ ਦਰਮਿਆਨ ਦੇ ਹਨ।
ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 2,835 ਹੋ ਗਈ ਹੈ।
ਅੱਜ ਦੀਆਂ ਜਾਣਕਾਰੀਆਂ ਇੱਕ ਪ੍ਰੈਸ ਬ੍ਰੀਫਿੰਗ ਜ਼ਰੀਏ ਜਾਰੀ ਕੀਤੀਆਂ ਗਈਆਂ ਹਨ।
ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਜਾਣਕਾਰੀ ਦਿੱਤੀ ਕਿ ਸੂਬੇ ਦੇ ਇੱਕ ਹੋਰ ਵਾਇਰਸ ਪੀੜਤ ਦੀ ਮੌਤ ਹੋ ਗਈ ਹੈ।
ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 170 ਹੈ।
ਅੱਜ ਸਿਹਤ ਅਧਿਕਾਰੀਆਂ ਨੇ ਸੂਬੇ 'ਚ ਵਾਇਰਸ ਸੰਬੰਧੀ ਮਾਡਲਿੰਗ ਦੇ ਵੀ ਕੁਝ ਅੰਕੜੇ ਸਾਂਝੇ ਕੀਤੇ ਹਨ।
ਇਸੇ ਦੌਰਾਨ ਡਾ. ਬੌਨੀ ਹੈਨਰੀ ਨੇ ਕਿਹਾ ਕਿ ਕਿਸੇ ਐਪ ਦੇ ਮੁਕਾਬਲੇ, ਪੁਰਾਣੇ ਤਰੀਕੇ ਦੇ ਨਾਲ ਕੰਨਟੈਕਟ ਟਰੇਸਿੰਗ ਕਰਨਾ ਵਧੇਰੇ ਕਾਮਯਾਬ ਸਾਬਿਤ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਆਸਰੇ ਸਿਹਤ ਅਧਿਕਾਰੀ ਇੰਫੈਕਟਿਡ ਲੋਕਾਂ ਤੱਕ ਪਹੁੰਚ ਕਰ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 600 ਲੋਕ ਇਸ ਕੰਮ 'ਚ ਜੁਟੇ ਹੋਏ ਹਨ।
ਡਾ. ਹੈਨਰੀ ਨੇ ਕਿਹਾ ਕਿ ਐਪ ਉਸ ਵੇਲੇ ਵਧੇਰੇ ਕਾਮਯਾਬ ਸਾਬਿਤ ਹੋ ਸਕਦੀ ਹੈ, ਜਦ ਵੱਡੇ ਇਕੱਠ 'ਚ ਲੋਕ ਕਿਸੇ ਪੀੜਤ ਦੇ ਸੰਪਰਕ 'ਚ ਆ ਗਏ ਹੋਣ।
ਯਾਦ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਐਪ ਬਾਰੇ ਕੁਝ ਦਿਨ ਪਹਿਲਾਂ ਜਾਣਕਾਰੀ ਦਿੱਤੀ ਸੀ, ਜਿਸ ਦੀ ਪਹਿਲਾਂ ਔਂਟੈਰੀਓ 'ਚ ਵਰਤੋਂ ਕੀਤੀ ਜਾਣੀ ਹੈ।
ਡਾ. ਹੈਨਰੀ ਨੇ ਕਿਹਾ ਕਿ ਵਧੇਰੇ ਲੋਕਾਂ ਦੇ ਸੰਪਰਕ 'ਚ ਆਉਣ ਤੋਂ ਬਚਾਅ ਕਰਨ, ਸ਼ਰੀਰਕ ਦੂਰੀ ਬਣਾ ਕੇ ਰੱਖਣ, ਅਤੇ ਲਗਾਤਾਰ ਹੱਥ ਧੋਣ ਦੇ ਨਾਲ, ਬੀ.ਸੀ. 'ਚ ਵਾਇਰਸ ਦੇ ਵਾਧੇ ਤੋਂ ਬਚਾਅ ਕੀਤਾ ਜਾ ਸਕਿਆ ਹੈ।




