Sep 4, 2026 5:19 PM - Connect Newsroom - Ramandeep Kaur

ਬਰਨਬੀ ਵਿਚ ਤਿੰਨ ਸਾਲ ਪਹਿਲਾਂ ਇੱਕ ਘਰ ਵਿਚ ਹੋਏ ਹਮਲੇ ਦੌਰਾਨ ਮਾਰੇ ਗਏ 19 ਸਾਲਾ ਨੌਜਵਾਨ Ryan Nagy ਦੇ ਕਤਲ ਦੇ ਮਾਮਲੇ ਵਿਚ ਇੱਕ 23 ਸਾਲਾ ਲੜਕੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ, ਜੋ ਇਸ ਕੇਸ ਵਿਚ ਚੌਥੀ ਅਤੇ ਆਖਰੀ ਮੁਲਜ਼ਮ ਸੀ। ਸ਼ੁੱਕਰਵਾਰ ਨੂੰ ਇੰਟੈਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ Rhoda Diabikulu ਨੇ ਇਸ ਸਾਲ ਮਾਰਚ ਵਿਚ ਗੈਰ-ਇਰਾਦਤਨ ਕਤਲ ਦਾ ਗੁਨਾਹ ਕਬੂਲ ਕੀਤਾ ਸੀ, ਜਿਸ ਤੋਂ ਬਾਅਦ ਮੰਗਲਵਾਰ ਨੂੰ ਉਸ ਨੂੰ ਸਜ਼ਾ ਸੁਣਾਈ ਗਈ।
ਅਦਾਲਤ ਨੇ ਉਸ ਵੱਲੋਂ ਪਹਿਲਾਂ ਜੇਲ੍ਹ ਵਿਚ ਬਿਤਾਏ 18 ਮਹੀਨਿਆਂ ਦੇ ਸਮੇਂ ਨੂੰ ਘਟਾਉਂਦਿਆਂ ਸਾਢੇ ਪੰਜ ਸਾਲ ਦੀ ਬਾਕੀ ਰਹਿੰਦੀ ਸਜ਼ਾ ਕੱਟਣ ਦੇ ਹੁਕਮ ਦਿੱਤੇ ਹਨ ਅਤੇ ਉਸ 'ਤੇ ਉਮਰ ਭਰ ਲਈ ਹਥਿਆਰ ਰੱਖਣ 'ਤੇ ਪਾਬੰਦੀ ਲਗਾਈ ਹੈ। ਇਹ ਘਟਨਾ 29 ਜੂਨ, 2023 ਨੂੰ ਵਾਪਰੀ ਸੀ, ਬਰਨਬੀ ਦੇ ਰਹਿਣ ਵਾਲੇ Ryan Nagy ਦੇ 17th Avenue ਸਥਿਤ ਘਰ ਵਿਚ ਸਵੇਰੇ 6:30 ਵਜੇ 4 ਲੋਕ ਦਾਖ਼ਲ ਹੋਏ ਸਨ।
ਇਸ ਦੌਰਾਨ ਹਮਲੇ ਵਿਚ Nagy ਦੀ ਮੌਤ ਹੋ ਗਈ ਸੀ, ਜਦੋਂ ਕਿ ਘਰ ਵਿਚ ਮੌਜੂਦ ਉਸ ਦੀ ਪ੍ਰੇਮਿਕਾ ਗੰਭੀਰ ਜ਼ਖਮੀ ਹੋਈ ਸੀ। ਜਾਂਚਕਰਤਾ ਅਨੁਸਾਰ, ਇਸ ਗਰੋਹ ਦਾ ਮਕਸਦ ਘਰ ਦੇ ਬੇਸਮੈਂਟ ਵਿਚ ਰੱਖੇ ਸੇਫ਼ ਵਿਚੋਂ Nagy ਦੇ ਪਿਤਾ ਦੇ ਹਥਿਆਰ ਚੋਰੀ ਕਰਨਾ ਸੀ। Home invasion ਦੇ ਇਸ ਮਾਮਲੇ ਵਿਚ ਤਿੰਨ ਹੋਰਾਂ ਮੁਲਜ਼ਮਾਂ ਨੂੰ ਇਸ ਸਾਲ ਦੇ ਸ਼ੁਰੂ ਵਿਚ ਸਜ਼ਾ ਸੁਣਾਈ ਜਾ ਚੁੱਕੀ ਹੈ।




