Sep 17, 2026 2:33 PM - Connect Newsroom - Ramandeep Kaur with files from The Canadian Press

ਗਾਜ਼ਾ ਵਿੱਚ ਬੰਬਾਰੀ ਨਾਲ ਨੁਕਸਾਨੀ ਇੱਕ ਇਮਾਰਤ ਦੇ ਇੱਕ ਦਿਨ ਬਾਅਦ ਢਹਿ ਜਾਣ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 45 ਲੋਕਾਂ ਨੂੰ ਮਲਬੇ ਹੇਠੋਂ ਜ਼ਿੰਦਾ ਬਚਾ ਲਿਆ ਗਿਆ। ਫਲਸਤੀਨੀ ਅਧਿਕਾਰੀ ਮੁਤਾਬਕ ਮ੍ਰਿਤਕਾਂ ਵਿੱਚ 8 ਬੱਚੇ ਵੀ ਸ਼ਾਮਲ ਹਨ। ਵੀਰਵਾਰ ਨੂੰ ਬਚਾਅ ਟੀਮਾਂ ਨੇ ਇਮਾਰਤ ਦੇ ਮਲਬੇ ਦੀ ਤਲਾਸ਼ ਮੁਕੰਮਲ ਕਰ ਲਈ।
ਬੁਲਡੋਜ਼ਰਾਂ ਦੀ ਮਦਦ ਨਾਲ ਮਲਬਾ ਹਟਾ ਕੇ ਇੱਥੇ ਟੈਂਟ ਲਗਾਉਣ ਲਈ ਜਗ੍ਹਾ ਤਿਆਰ ਕੀਤੀ ਜਾ ਰਹੀ ਹੈ, ਤਾਂ ਜੋ ਇਮਾਰਤ ਵਿੱਚ ਰਹਿ ਰਹੇ ਬੇਘਰ ਲੋਕਾਂ ਨੂੰ ਠਿਕਾਣਾ ਦਿੱਤਾ ਜਾ ਸਕੇ। ਗਾਜ਼ਾ ਸਿਵਲ ਡਿਫੈਂਸ ਦੇ ਬੁਲਾਰੇ ਮਹਮੂਦ ਬਾਸਲ ਨੇ ਕਿਹਾ ਕਿ ਬਚਾਅ ਟੀਮਾਂ ਕੋਲ ਲੋੜੀਂਦੇ ਭਾਰੀ ਉਪਕਰਨਾਂ ਦੀ ਕਮੀ ਹੈ, ਇਸ ਦੇ ਬਾਵਜੂਦ 45 ਲੋਕਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ।
ਫਲਸਤੀਨੀ ਅਤੇ ਸੰਯੁਕਤ ਰਾਸ਼ਟਰ ਦੇ ਅਧਿਕਾਰੀ ਗਾਜ਼ਾ ਵਿੱਚ ਭਾਰੀ ਮਸ਼ੀਨਰੀ ਦੀ ਘਾਟ ਲਈ ਇਜ਼ਰਾਈਲੀ ਪਾਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ, ਜਦਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਹਥਿਆਰਬੰਦ ਗਰੁੱਪਾਂ ਤੱਕ ਉਪਕਰਨ ਪਹੁੰਚਣ ਤੋਂ ਰੋਕਣ ਲਈ ਹਨ। ਪਿਛਲੇ ਸਾਲ ਜੰਗਬੰਦੀ ਤੋਂ ਬਾਅਦ ਵੀ ਗਾਜ਼ਾ ਵਿੱਚ ਵੱਡੇ ਪੱਧਰ ’ਤੇ ਮੁੜ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ। ਦੋ ਮਿਲੀਅਨ ਤੋਂ ਵੱਧ ਲੋਕਾਂ ਦਾ ਵੱਡਾ ਹਿੱਸਾ ਨੁਕਸਾਨੀ ਇਮਾਰਤਾਂ ਜਾਂ ਅਸਥਾਈ ਟੈਂਟਾਂ ਵਿੱਚ ਰਹਿ ਰਿਹਾ ਹੈ।




