Sep 18, 2026 5:31 PM - Connect Newsroom - Ramandeep Kaur

ਐਬਟਸਫੋਰਡ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਾਜਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿਚ ਚਾਰਜ ਕੀਤੇ ਗਏ ਇੱਕ 36 ਸਾਲਾ ਨੌਜਵਾਨ ਨੂੰ ਸਾਢੇ ਗਿਆਰਾਂ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਹ ਜਾਂਚ ਅਪ੍ਰੈਲ 2025 ਵਿਚ ਉਸ ਸਮੇਂ ਸ਼ੁਰੂ ਹੋਈ ਸੀ ਜਦੋਂ ਪੁਲਿਸ ਨੇ ਟਾਈਲਰ ਮਿਸਨ ਨਾਂ ਦੇ ਸ਼ੱਕੀ ਨੂੰ ਡਰਾਈਵਿੰਗ ਤੋਂ ਪਾਬੰਦੀ ਦੇ ਬਾਵਜੂਦ ਗੱਡੀ ਚਲਾਉਂਦੇ ਹੋਏ ਦੇਖ ਕੇ ਗ੍ਰਿਫ਼ਤਾਰ ਕੀਤਾ ਸੀ, ਉਸ ਦੌਰਾਨ ਉਸ ਕੋਲੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਅਤੇ ਇੱਕ ਹੈਂਡਗਨ ਬਰਾਮਦ ਹੋਈ ਸੀ।
ਇਸ ਤੋਂ ਬਾਅਦ ਪੁਲਿਸ ਨੇ ਡੀਅਰਟ੍ਰੇਲ ਡ੍ਰਾਈਵ ਦੇ 31100 ਬਲਾਕ ਵਿਚ ਸਥਿਤ ਇੱਕ ਘਰ ਸਮੇਤ ਮੁਲਜ਼ਮ ਨਾਲ ਜੁੜੇ ਕਈ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਵਿਚ ਕੋਕੇਨ ਅਤੇ ਕ੍ਰਿਸਟਲ ਮੈਥਾਮਫੇਟਾਮਾਈਨ ਸਣੇ 12 ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ, $60,000 ਕੈਸ਼, ਬੁਲੇਟਪਰੂਫ ਜੈਕਟ, ਇੱਕ ਹਥਿਆਰ ਅਤੇ ਲੋਡਡ ਮੈਗਜ਼ੀਨ ਬਰਾਮਦ ਕੀਤੀਆਂ ਸਨ।
ਐਬਟਸਫੋਰਡ ਪੁਲਿਸ ਦੇ ਸਾਰਜੈਂਟ ਪਾਲ ਵਾਕਰ ਮੁਤਾਬਕ, ਇਸ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮਿਸਨ ਐਬਟਸਫੋਰਡ ਦੇ ਨਾਲ-ਨਾਲ ਚਿਲੀਵੈਕ ਵਿਚ ਵੀ ਨਸ਼ਾ ਤਸਕਰੀ ਕਰ ਰਿਹਾ ਸੀ। ਉਸ ਨੇ ਇਸੇ ਸਾਲ 26 ਅਗਸਤ ਨੂੰ ਆਪਣੇ ਗੁਨਾਹ ਕਬੂਲੇ ਸਨ।




