Sep 14, 2026 2:48 PM - Connect Newsroom - Ramandeep Kaur with files from The Canadian Press

ਐਡਮਿੰਟਨ ਦੇ ਸਾਊਥ ਵੈਸਟ ਇਲਾਕੇ ਵਿੱਚ ਐਤਵਾਰ ਸਵੇਰੇ ਪੁਲਿਸ ਦੀ ਗੋਲੀਬਾਰੀ ਵਿੱਚ ਇੱਕ 36 ਸਾਲਾ ਵਿਅਕਤੀ ਦੀ ਮੌਤ ਹੋ ਗਈ। ਇਹ ਘਟਨਾ ਇੱਕ ਘਰ ਵਿੱਚ ਔਰਤ ਅਤੇ ਇੱਕ ਬੱਚੇ ਨੂੰ ਗੋਲੀ ਲੱਗਣ ਦੀ ਰਿਪੋਰਟ ਤੋਂ ਬਾਅਦ ਵਾਪਰੀ। ਐਡਮਿੰਟਨ ਪੁਲਿਸ ਸਰਵਿਸਸ ਮੁਤਾਬਕ ਅਧਿਕਾਰੀਆਂ ਨੂੰ Donsdale ਡ੍ਰਾਈਵ ਅਤੇ 45 ਐਵੇਨਿਊ ਨੇੜੇ ਇੱਕ ਘਰ ਵਿੱਚ ਬੰਦੂਕਧਾਰੀ ਵਿਅਕਤੀ ਦੇ ਦਾਖਲ ਹੋਣ ਅਤੇ ਇੱਕ ਔਰਤ ਤੇ ਬੱਚੇ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੂੰ ਕੁਝ ਜ਼ਖਮੀ ਲੋਕ ਘਰ ਦੇ ਬਾਹਰ ਮਿਲੇ।
ਘਰ ਨੂੰ ਘੇਰਨ ਦੌਰਾਨ ਇੱਕ ਵਿਅਕਤੀ ਬੰਦੂਕ ਹੱਥ ਵਿੱਚ ਲੈ ਕੇ ਘਰ ਦੇ ਮੁੱਖ ਦਰਵਾਜ਼ੇ ’ਤੇ ਆਇਆ। ਅਧਿਕਾਰੀਆਂ ਨੇ ਦੱਸਿਆ ਕਿ ਵਿਅਕਤੀ ਨੇ ਪੁਲਿਸ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ, ਜਿਸ ਤੋਂ ਬਾਅਦ ਤਿੰਨ ਪੁਲਿਸ ਅਧਿਕਾਰੀਆਂ ਨੇ ਉਸ ’ਤੇ ਗੋਲੀ ਚਲਾਈ। ਪੁਲਿਸ ਦੀ ਟੈਕਟੀਕਲ ਮੈਡੀਕਲ ਸਪੋਰਟ ਟੀਮ ਨੇ ਉਸ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ, ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਸ ਘਟਨਾ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ। ਪੁਲਿਸ ਮੁਤਾਬਕ ਤਿੰਨਾਂ ਨੂੰ ਜਿਆਦਾ ਗੰਭੀਰ ਸੱਟਾਂ ਨਹੀਂ ਲੱਗੀਆਂ। ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਦੀ ਇਸ ਘਟਨਾ ਦੀ ਜਾਂਚ Alberta Serious Incident Response Team ਵੱਲੋਂ ਕੀਤੀ ਜਾ ਰਹੀ ਹੈ।




