Oct 10, 2024 4:32 PM - Connect Newsroom – Jasmine Singh, with files from The Canadian Press

ਬ੍ਰਿਟਿਸ਼ ਕੋਲੰਬੀਆ ਦੇ ਵੋਟਰ ਅੱਜ ਤੋਂ ਆਪਣੀਆਂ ਵੋਟਾਂ ਪਾਉਣਾ ਸ਼ੁਰੂ ਕਰ ਸਕਦੇ ਹਨ ਕਿਉਂਕਿ ਸੂਬੇ ਭਰ ਵਿੱਚ ਸੈਂਕੜਿਆਂ ਥਾਵਾਂ ‘ਤੇ ਅਗਾਊਂ ਵੋਟਿੰਗ ਕੇਂਦਰ ਖੋਲ੍ਹੇ ਗਏ ਹਨ। ਚੋਣਾਂ ਦਾ ਮੁੱਖ ਦਿਨ 19 ਅਕਤੂਬਰ ਨਿਧਾਰਤ ਹੈ।
ਇਲੈਕਸ਼ਨਜ਼ ਬੀ.ਸੀ. ਦੇ ਅਨੁਸਾਰ, ਕੁੱਲ 343 ਅਗਾਊਂ ਵੋਟਿੰਗ ਸਥਾਨ ਬਣਾਏ ਗਏ ਹਨ ਜੋ ਦੋ ਪੜਾਅ ਵਿੱਚ ਖੁੱਲ੍ਹੇ ਰਹਿਣਗੇ — 10 ਤੋਂ 13 ਅਕਤੂਬਰ ਤੱਕ ਅਤੇ ਦੁਬਾਰਾ 15 ਅਤੇ 16 ਅਕਤੂਬਰ ਨੂੰ। ਹਰ ਕੇਂਦਰ ਹਰ ਰੋਜ਼ ਖੁੱਲ੍ਹਾ ਨਹੀਂ ਹੋਵੇਗਾ। ਵੋਟਿੰਗ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਹੋਵੇਗੀ। ਵੋਟਰ ਆਪਣੇ “ਵੇਅਰ-ਟੂ-ਵੋਟ” ਕਾਰਡ ਜਾਂ ਇਲੈਕਸ਼ਨਜ਼ ਬੀ.ਸੀ. ਦੀ ਵੈਬਸਾਈਟ ਰਾਹੀਂ ਸਭ ਤੋਂ ਨੇੜਲਾ ਕੇਂਦਰ ਲੱਭ ਸਕਦੇ ਹਨ।
ਤਾਜ਼ਾ ਸਰਵੇਖਣਾਂ ਮੁਤਾਬਕ, ਚੋਣਾਂ ਵਿੱਚ ਪ੍ਰੀਮੀਅਰ ਡੇਵਿਡ ਈਬੀ ਦੀ ਐਨ.ਡੀ.ਪੀ. ਅਤੇ ਜੌਨ ਰਸਟੈਡ ਦੀ ਬੀ.ਸੀ. ਕਨਜ਼ਰਵੇਟਿਵ ਪਾਰਟੀ ਵਿਚਕਾਰ ਤਗੜਾ ਮੁਕਾਬਲਾ ਹੈ। ਪਿਛਲੀਆਂ ਚੋਣਾਂ ਵਿੱਚ ਅਗਾਊਂ ਵੋਟਿੰਗ ਦਾ ਮਹੱਤਵ ਵੱਧਦਾ ਗਿਆ ਹੈ — 2020 ਦੀ ਮਹਾਂਮਾਰੀ ਚੋਣ ਦੌਰਾਨ 35 ਪ੍ਰਤੀਸ਼ਤ ਵੋਟਾਂ ਅਗਾਊਂ ਪਈਆਂ ਸਨ, ਜਦਕਿ 2017 ਵਿੱਚ ਇਹ ਦਰ 30 ਪ੍ਰਤੀਸ਼ਤ ਅਤੇ 2013 ਵਿੱਚ 20 ਪ੍ਰਤੀਸ਼ਤ ਸੀ।
ਇਸ ਵਾਰੀ ਕਾਗ਼ਜ਼ੀ ਬੈਲਟ ਇਲੈਕਟ੍ਰਾਨਿਕ ਟੈਬੂਲੇਟਰਾਂ ਰਾਹੀਂ ਇਕੱਠੇ ਕੀਤੇ ਜਾਣਗੇ ਅਤੇ ਜ਼ਿਆਦਾਤਰ ਵੋਟਾਂ 19 ਅਕਤੂਬਰ ਨੂੰ ਹੀ ਗਿਣੀਆਂ ਜਾਣਗੀਆਂ। ਇਲੈਕਸ਼ਨਜ਼ ਬੀ.ਸੀ. ਨੇ ਕਿਹਾ ਕਿ ਇਹ ਪ੍ਰਣਾਲੀ ਨਤੀਜਿਆਂ ਦੀ ਗਿਣਤੀ ਨੂੰ ਤੇਜ਼ ਕਰੇਗੀ ਜਦਕਿ ਪਾਰਦਰਸ਼ਤਾ ਅਤੇ ਸ਼ੁੱਧਤਾ ਨੂੰ ਕਾਇਮ ਰੱਖੇਗੀ।




