Sep 15, 2026 7:13 PM - Connect Newsroom - Ramandeep Kaur with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਯੂਰਪ ਦੌਰੇ ਦੌਰਾਨ ਕੈਨੇਡੀਅਨ ਲਈ ਵੀਜ਼ਾ requirements ਦਾ ਮੁੱਦਾ ਉਠਾਏ ਜਾਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਇਹ ਟਿੱਪਣੀ ਅੱਜ ਰਵਾਨਾ ਹੋਣ ਤੋਂ ਪਹਿਲਾਂ ਕੀਤੀ, ਪ੍ਰਧਾਨ ਮੰਤਰੀ ਦਾ ਇਹ ਦੌਰਾ ਯੂਰਪੀਅਨ ਯੂਨੀਅਨ ਨਾਲ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਵਧਾਉਣ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਸ ਦੋ-ਰੋਜ਼ਾ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਫਰਾਂਸ ਦੇ ਸਟ੍ਰਾਸਬਰਗ ਵਿਚ ਸਾਲਾਨਾ ਸਟੇਟ ਔਫ ਦਿ ਯੂਨੀਅਨ ਭਾਸ਼ਣ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਵੀਰਵਾਰ ਨੂੰ ਯੂਰਪੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ ਕਾਰਨੀ ਬ੍ਰਿਟੇਨ ਵੀ ਜਾਣਗੇ, ਜਿੱਥੇ ਉਹ ਨਵੇਂ ਪ੍ਰਧਾਨ ਮੰਤਰੀ ਐਂਡੀ ਬਰਨਹੈਮ ਨਾਲ ਆਪਣੀ ਪਹਿਲੀ ਰਸਮੀ ਮੁਲਾਕਾਤ ਕਰਨਗੇ, ਰਿਪੋਰਟ ਮੁਤਾਬਕ, ਦੋਹਾਂ ਲੀਡਰਸ ਦੇ ਇੱਕ ਫੁੱਟਬਾਲ ਮੈਚ ਦੌਰਾਨ ਮਿਲਣ ਦੀ ਉਮੀਦ ਹੈ।
ਰਿਪੋਰਟ ਮੁਤਾਬਕ, ਕੈਨੇਡਾ ਯੂਰਪ ਨਾਲ ਇੱਕ ਅਜਿਹੇ ਸਮਝੌਤੇ ਦੀ ਵੀ ਕੋਸ਼ਿਸ਼ ਕਰ ਰਿਹਾ ਹੈ ਜਿਸ ਤਹਿਤ ਇੱਕ ਰਣਨੀਤਕ ਭਾਈਵਾਲੀ ਦੇ ਹਿੱਸੇ ਵਜੋਂ ਕੈਨੇਡੀਅਨ ਨੂੰ ਬਿਨਾਂ ਵੀਜ਼ਾ ਯੂਰਪ ਵਿਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਮਿਲ ਸਕਦੀ ਹੈ। ਹਾਲਾਂਕਿ, ਪ੍ਰਧਾਨ ਮੰਤਰੀ ਦੇ ਦੌਰੇ ਦਾ ਮੁੱਖ ਫੋਕਸ ਨਿਵੇਸ਼ ਲਿਆਉਣਾ ਦੱਸਿਆ ਜਾਂਦਾ ਹੈ।




