Mar 11, 2024 5:31 PM -
ਕੈਨੇਡਾ ਸਰਕਾਰ ਨੇ ਹਮਾਸ ਵੱਲੋਂ ਜਿਨਸੀ ਹਿੰਸਾ ਦੇ ਸ਼ਿਕਾਰ ਹੋਏ ਪੀੜਤਾਂ ਲਈ $1 ਮਿਲੀਅਨ ਦੀ ਮਦਦ ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ।
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮੇਲਾਨੀ ਜੌਲੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਇਸ ਦੀ ਜਾਣਕਾਰੀ ਦਿੱਤੀ। ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਸੀ ਕਿ 7 ਅਕਤੂਬਰ ਨੂੰ ਇਜ਼ਰਾਇਲ 'ਤੇ ਹਮਲੇ ਦੌਰਾਨ ਹਮਾਸ ਨੇ ਕਈ ਔਰਤਾਂ ਨਾਲ ਜਿਨਸੀ ਸੋਸ਼ਣ ਕੀਤਾ ਸੀ ਅਤੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਮੇਲਾਨੀ ਜੌਲੀ ਅੱਜ ਇਜ਼ਰਾਇਲ ਵਿੱਚ ਸਨ।
ਕੈਨੇਡਾ ਵੱਲੋਂ ਗਾਜ਼ਾ ਵਿੱਚ ਫਲਸਤੀਨੀਆਂ ਲਈ ਰਾਹਤ ਸਮੱਗਰੀ ਪਹੁੰਚਾਉਣ ਲਈ ਰਸਤੇ ਖੁੱਲ੍ਹਵਾਉਣ ਅਤੇ ਹਮਾਸ ਤੋਂ ਬੰਧਕਾਂ ਦੀ ਰਿਹਾਈ ਲਈ ਵਕਾਲਤ ਕੀਤੀ ਜਾ ਰਹੀ ਹੈ।
ਜੌਲੀ ਨੇ ਦੱਸਿਆ ਕਿ ਕੈਨੇਡਾ ਸਰਕਾਰ ਨੇ ਹਮਾਸ ਵੱਲੋਂ ਕੀਤੇ ਗਏ ਜਿਨਸੀ ਅਪਰਾਧ ਦੀ ਜਾਂਚ ਲਈ ਇਜ਼ਰਾਇਲ ਨੂੰ ਆਰ ਸੀ ਐੱਮ ਪੀ ਸਹਾਇਤਾ ਦੀ ਵੀ ਪੇਸ਼ਕਸ਼ ਕੀਤੀ ਹੈ, ਨਾਲ ਹੀ ਉਨ੍ਹਾਂ ਸੰਸਥਾਵਾਂ ਨੂੰ $1ਮਿਲੀਅਨ ਦਿੱਤੇ ਜਾਣਗੇ ਜੋ ਇਸ ਜ਼ੁਲਮ ਦੇ ਪੀੜਤਾਂ ਨੂੰ ਮਦਦ ਦੇ ਰਹੀਆਂ ਹਨ।
ਜੌਲੀ ਨੇ ਇਜ਼ਰਾਇਲ ਦੀ ਪਹਿਲੀ ਮਹਿਲਾ ਮਾਈਕਲ ਹਰਜ਼ੋਗ ਨਾਲ ਵੀ ਇਸ ਮੁੱਦੇ 'ਤੇ ਚਰਚਾ ਕੀਤੀ ਅਤੇ ਭਰੋਸਾ ਦਵਾਇਆ ਕਿ ਕੈਨੇਡਾ ਔਰਤਾਂ ਦੇ ਇਨਸਾਫ ਦੀ ਲੜਾਈ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ।