Sep 6, 2023 5:43 PM - The Canadian Press

ਏਅਰ ਕੈਨੇਡਾ ਨੇ 2 ਯਾਤਰੀਆਂ ਤੋਂ ਮੁਆਫੀ ਮੰਗੀ ਹੈ, ਜਿੰਨ੍ਹਾਂ ਨੇ ਆਪਣੀ ਸੀਟ ਉਲਟੀ ਨਾਲ ਬਦਬੂਦਾਰ ਹੋਣ ਕਰਕੇ ਬੈਠਣ ਤੋਂ ਇਨਕਾਰ ਕੀਤਾ ਸੀ ਤੇ ਉਨ੍ਹਾਂ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਏਅਰ ਕੈਨੇਡਾ ਨੇ ਮੁਆਫ਼ੀ ਮੰਗੀ ਹੈ ਕਿ ਯਾਤਰੀਆਂ ਨੂੰ ਉਹ ਸਰਵਿਸ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ।
ਦੱਸ ਦੱਸੀਏ ਕਿ ਇਹ ਮਾਮਲਾ 26 ਅਗਸਤ ਦਾ ਹੈ।
ਨਿਊਬ੍ਰੰਜ਼ਵਿਕ ਦੀ ਰਹਿਣ ਵਾਲੀ ਸੂਜ਼ਨ ਬੈਨਸਨ ਨੇ ਆਪਣੀ ਫੇਸਬੁੱਕ 'ਤੇ ਪੋਸਟ ਪਾ ਕੇ ਇਹ ਘਟਨਾ ਸਾਂਝੀ ਕੀਤੀ ਸੀ ਕਿ ਲਾਸ ਵੇਗਸ ਤੋਂ ਮੌਂਟਰੀਅਲ ਆ ਰਹੀ ਇੱਕ ਫ਼ਲਾਈਟ ਵਿੱਚ ਕੀ ਕੁੱਝ ਵਾਪਰਿਆ।
ਸੂਜ਼ਨ ਨੇ ਲਿਖਿਆ ਕਿ ਉਸਦੇ ਅੱਗੇ ਵਾਲੀਆਂ ਸੀਟਾਂ ‘ਤੇ ਦੋ ਮਹਿਲਾਵਾਂ ਤੇ ਇੱਕ ਵਿਅਕਤੀ ਸਨ ਜੋ ਬੈਠਣ ਪਿੱਛੇ ਜੱਦੋ ਜਿਹਦ ਕਰ ਰਹੇ ਸਨ ਤੇ ਕਹਿ ਰਹੇ ਸਨ ਇਹ ਸੀਟ ਗੰਦੀ ਹੈ।
ਸੂਜ਼ਨ ਅਨੁਸਾਰ ਪਹਿਲਾਂ ਤਾਂ ਵਰਕਰਾਂ ਨੇ ਖ਼ੁਸ਼ਬੂ ਛਿੜਕ ਕੇ ਬਦਬੂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ, ਪਰ ਜਿਨ੍ਹਾਂ ਯਾਤਰੀਆਂ ਨੂੰ ਉਹ ਸੀਟ ਦਿੱਤੀ ਗਈ ਸੀ, ਉਨ੍ਹਾਂ ਨੇ ਫ਼ਲਾਈਟ ਅਟੈਨਡੈਂਟ ਨੂੰ ਦੱਸਿਆ ਕਿ ਸੀਟ ਅਜੇ ਗਿੱਲੀ ਸੀ ਅਤੇ ਉਨ੍ਹਾਂ ਨੂੰ ਉਲਟੀ ਵੀ ਨਜ਼ਰ ਆ ਰਹੀ ਸੀ।
ਅਟੈਨਡੈਂਟ ਅਤੇ ਸੁਪਰਵਾਈਜ਼ਰ ਨੇ ਯਾਤਰੀਆਂ ਨੂੰ ਕਿਹਾ ਕਿ ਜਹਾਜ਼ ਵਿਚ ਹੋਰ ਸੀਟ ਨਹੀਂ ਹੈ ਅਤੇ ਉਨ੍ਹਾਂ ਨੂੰ ਉਸੇ ਸੀਟ ‘ਤੇ ਬੈਠਣਾ ਪਵੇਗਾ।
ਮਹਿਲਾਵਾਂ ਉਨ੍ਹਾਂ ਲਿੱਬੜੀਆਂ ਸੀਟਾਂ ‘ਤੇ ਕੰਬਲ ਰੱਖ ਕੇ ਅਤੇ ਵਾਈਪ ਨਾਲ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸਨ, ਜਦੋਂ ਇੱਕ ਪਾਇਲਟ ਉਨ੍ਹਾਂ ਦੇ ਕੋਲ ਆਇਆ ਤੇ ਕਿਹਾ ਉਹ ਜਹਾਜ਼ ਚੋਂ ਉਤਰ ਕੇ ਆਪਣੇ ਖ਼ਰਚੇ ‘ਤੇ ਦੂਸਰੀ ਫ਼ਲਾਈਟ ਲੈ ਸਕਦੇ ਨੇ ਜਾਂ ਫਿਰ ਉਨ੍ਹਾਂ ਨੂੰ ਸਿਕਿਓਰਟੀ ਦੀ ਮਦਦ ਨਾਲ ਜਹਾਜ਼ ਤੋਂ ਬਾਹਰ ਕੱਢ ਕੇ ਨੋ ਫ਼ਲਾਈ ਲਿਸਟ ਵਿਚ ਪਾ ਦਿੱਤਾ ਜਾਵੇਗਾ।
ਫਿਰ ਸਿਕਿਓਰਟੀ ਨੇ ਔਰਤਾਂ ਨੂੰ ਜਹਾਜ਼ ਚੋਂ ਬਾਹਰ ਉਤਾਰ ਦਿੱਤਾ।ਸੂਜ਼ਨ ਵੱਲੋਂ ਪੋਸਟ ਕੀਤੀ ਇਸ ਘਟਨਾ ਦੇ ਵੇਰਵਿਆਂ ਪ੍ਰਤੀ ਕਿਸੇ ਅਸਹਿਮਤੀ ਬਾਰੇ ਏਅਰ ਕੈਨੇਡਾ ਨੇ ਟਿੱਪਣੀ ਨਹੀਂ ਕੀਤੀ।
ਏਅਰ ਕੈਨੇਡਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਯਾਤਰੀਆਂ ਨਾਲ ਸੰਪਰਕ ਕੀਤਾ ਗਿਆ ਹੈ।




