Sep 25, 2026 5:29 PM - Connect Newsroom - Ramandeep Kaur with files from The Canadian Press

ਕੈਨੇਡਾ ਨੂੰ ਅਮਰੀਕਾ ਨਾਲ ਟ੍ਰੇਡ ਵਾਰ ਸੁਲਝਾਉਣ ਵਿਚ ਲੰਮਾ ਸਮਾਂ ਲੱਗ ਸਕਦਾ ਹੈ। ਟਰੰਪ ਪ੍ਰਸ਼ਾਸਨ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਦਿੱਤਾ ਹੈ ਕਿ ਅਮਰੀਕਾ ਨੂੰ ਕੈਨੇਡਾ ਨਾਲ ਵਪਾਰਕ ਸਮਝੌਤਾ ਕਰਨ ਦੀ ਕੋਈ ਕਾਹਲੀ ਨਹੀਂ ਹੈ। ਸ਼ੁੱਕਰਵਾਰ ਸਵੇਰੇ ਅਮਰੀਕੀ ਟੈਲੀਵਿਜ਼ਨ ਨੈੱਟਵਰਕ CNBC ਨੂੰ ਦਿੱਤੇ ਇੱਕ ਇੰਟਰਵਿਊ ਵਿਚ ਗ੍ਰੀਰ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਅਜੇ ਵੀ ਵੱਡੇ ਪੱਧਰ 'ਤੇ ਵਪਾਰ ਚੱਲ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਕੈਨੇਡਾ ਨਾਲ ਇਸ ਮੌਜੂਦਾ ਸਥਿਤੀ ਤੋਂ ਸੰਤੁਸ਼ਟ ਹੈ। ਗ੍ਰੀਰ ਨੇ ਕਿਹਾ ਕਿ ਸਾਡੀ ਵਪਾਰ ਨੀਤੀ ਇੱਕ ਗਲੋਬਲ ਪਾਲਿਸੀ ਹੈ, ਜੋ ਕੈਨੇਡਾ, ਚੀਨ, ਯੂ.ਕੇ. ਅਤੇ ਬ੍ਰਾਜ਼ੀਲ ਵਰਗੇ ਸਾਰੇ ਦੇਸ਼ਾਂ 'ਤੇ ਬਰਾਬਰ ਲਾਗੂ ਹੁੰਦੀ ਹੈ।
ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਅਗਸਤ ਵਿਚ ਵਪਾਰ ਵਾਰਤਾ ਰੁਕਣ ਤੋਂ ਬਾਅਦ ਵੀ ਉਨ੍ਹਾਂ ਦੀ ਟੀਮ ਕੈਨੇਡੀਅਨ ਨਾਲ ਬਿਹਤਰ ਸੰਪਰਕ ਵਿਚ ਹੈ। ਗ੍ਰੀਰ ਨੇ ਕਿਹਾ ਕਿ ਸਾਡੇ ਵਲੋਂ ਵਧੀਆ ਡੀਲ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਕੈਨੇਡਾ ਨੇ ਹੀ ਇਸ ਨੂੰ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਹੁਣ ਤੱਕ ਚੱਲੀ ਚੰਗੀ ਗੱਲਬਾਤ ਅਜੇ ਤੱਕ ਕਿਸੇ ਵਪਾਰਕ ਸਮਝੌਤੇ ਵਿਚ ਤਬਦੀਲ ਨਹੀਂ ਹੋ ਸਕੀ ਹੈ ਅਤੇ ਨਾ ਹੀ ਟਰੰਪ ਪ੍ਰਸ਼ਾਸਨ ਡੀਲ ਲਈ ਕਿਸੇ ਜਲਦਬਾਜ਼ੀ ਵਿਚ ਹੈ।




