Jun 19, 2025 6:29 PM - Connect Newsroom

ਪ੍ਰਿੰਸ ਰੂਪਰਟ ਦੇ ਪਾਣੀ ਵਿਚ ਇੱਕ ਸ਼ੱਕੀ ਅਤੇ ਪੁਲਿਸ ਵਿਚਕਾਰ ਭਿੜਤ ਹੋਈ ਹੈ। ਸ਼ੱਕੀ ਵਲੋਂ ਚੋਰੀ ਦੀ ਮੱਛੀਆਂ ਫੜਨ ਵਾਲੀ ਕਿਸ਼ਤੀ ਭਜਾਉਂਦੇ ਹੋਏ ਪੁਲਿਸ 'ਤੇ ਫਾਇਰਿੰਗ ਕੀਤੀ ਗਈ ਅਤੇ ਪੁਲਿਸ ਜਹਾਜ਼ ਨੂੰ ਟੱਕਰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ 25 ਸਾਲਾ ਸ਼ੱਕੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪੁਲਿਸ ਨੇ ਕਿਹਾ ਕਿ ਉਹਨਾਂ ਨੂੰ 16 ਜੂਨ ਦੀ ਸ਼ਾਮ ਨੂੰ ਰਿਪੋਰਟ ਮਿਲੀ ਸੀ ਕਿ ਇੱਕ ਦਿਨ ਪਹਿਲਾਂ ਚੋਰੀ ਹੋਈ ਬੋਟ -ਪ੍ਰਿੰਸ ਰੂਪਰਟ ਦੇ ਸਾਊਥ ਵਿਚ ਦੇਖੀ ਗਈ ਹੈ।
ਆਰਸੀਐਮਪੀ ਪੈਟਰੋਲ ਵੈਸਲ ਇੰਕਸਟਰ ਅਤੇ ਵੈਸਟ ਕੋਸਟ ਮਰੀਨ ਸਰਵਿਸਿਜ਼ ਸਮੁੰਦਰੀ ਜਹਾਜ਼ ਨੇ ਮੌਕੇ 'ਤੇ ਪ੍ਰਤੀਕਿਰਿਆ ਦਿੰਦੇ ਚੋਰੀ ਦੀ ਕਿਸ਼ਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸ਼ੱਕੀ ਨਹੀਂ ਰੁਕਿਆ ਅਤੇ ਸਥਿਤੀ ਵਿਗੜਦੀ ਗਈ।
ਪੁਲਿਸ ਨੇ ਕਿਹਾ ਕਿ ਸ਼ੱਕੀ ਪੁਲਿਸ ਨੂੰ ਕਥਿਤ ਤੌਰ 'ਤੇ ਡਰਾਉਣ ਲਈ ਕਿਸ਼ਤੀ ਦੇ ਵੀਐਚਐਫ ਰੇਡੀਓ ਦਾ ਵੀ ਇਸਤੇਮਾਲ ਕਰ ਰਿਹਾ ਸੀ। ਇੱਕ ਘੰਟੇ ਤੱਕ ਪਿੱਛਾ ਕਰਨ ਤੋਂ ਬਾਅਦ ਸ਼ੱਕੀ ਕਿਸ਼ਤੀ ਨੂੰ ਕਿਨਾਰੇ 'ਤੇ ਲੈ ਕੇ ਆਇਆ, ਜਿਸ ਮਗਰੋਂ ਪੁਲਿਸ ਸੁਰੱਖਿਅਤ ਰੂਪ ਵਿਚ ਉਸ ਨੂੰ ਹਿਰਾਸਤ ਵਿਚ ਲੈਣ ਵਿਚ ਸਫਲ ਰਹੀ। ਪੁਲਿਸ ਨੇ ਕਿਹਾ ਕਿ ਇਹ ਕਿਸ਼ਤੀ- ਪੋਰਟ ਹਾਰਡੀ ਤੋਂ ਚੋਰੀ ਹੋਈ ਸੀ।




