May 8, 2024 5:11 PM - The Canadian Press

ਸਰੀ ਦੀ ਅਦਾਲਤ ਵਲੋਂ ਪਿਛਲੇ ਸਾਲ ਹੋਏ ਹਰਦੀਪ ਸਿੰਘ ਨਿੱਝਰ ਦੇ ਕਤਲ ਕਰਨ ਦੇ ਮਾਮਲੇ ਵਿਚ ਤਿੰਨਾਂ ਦੋਸ਼ੀਆਂ ਦੀ ਅਗਲੀ ਪੇਸ਼ੀ ਦੀ ਤਰੀਕ ਤੈਅ ਕਰ ਦਿੱਤੀ ਹੈ। ਕਰਨ ਬਰਾੜ, ਕਰਨਪ੍ਰੀਤ ਸਿੰਘ ਅਤੇ ਕਮਲਪ੍ਰੀਤ ਸਿੰਘ ਦੀ ਅਗਲੀ ਪੇਸ਼ੀ 21 ਮਈ ਨੂੰ ਤੈਅ ਕੀਤੀ ਗਈ ਹੈ। ਇਨ੍ਹਾਂ ਤਿੰਨਾਂ ਦੋਸ਼ੀਆਂ ਦੀ ਕੱਲ੍ਹ ਅਦਾਲਤ ਵਿਚ ਪਹਿਲੀ ਪੇਸ਼ੀ ਹੋਈ ਸੀ।
ਨਿੱਝਰ ਦੇ ਕਤਲ ਕਰਨ ਦੇ ਮਾਮਲੇ ਵਿਚ ਤਿੰਨਾਂ ’ਤੇ ਫਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ ਲਗਾਏ ਗਏ ਹਨ। ਤਿੰਨਾਂ ਸ਼ੱਕੀਆਂ ਨੂੰ ਸ਼ੁੱਕਰਵਾਰ ਨੂੰ ਐਡਮਿੰਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬੀ.ਸੀ. ਲਿਜਾਇਆ ਗਿਆ ਸੀ। ਪਿਛਲੇ ਸਾਲ ਜੂਨ ਵਿਚ ਸਰੀ ਦੇ ਇਕ ਗੁਰਦੁਆਰੇ ਦੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਨਿੱਝਰ ਦੇ ਦਰਜਨਾਂ ਸਮਰਥਕ ਕੱਲ੍ਹ ਅਦਾਲਤ ਵਿਚ ਇਕੱਠੇ ਹੋਏ।
ਪੁਲਿਸ ਨੇ ਪਿਛਲੇ ਹਫਤੇ ਗ੍ਰਿਫਤਾਰੀਆਂ ਦਾ ਐਲਾਨ ਕਰਦੇ ਕਿਹਾ ਸੀ ਕਿ ਇਸ ਮਾਮਲੇ ਵਿਚ ਵਿਦੇਸ਼ੀ ਦਖਲਅੰਦਾਜ਼ੀ ਦੇ ਸੰਭਾਵਿਤ ਸੰਬੰਧਾਂ ਬਾਰੇ ਜਾਂਚ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਨਿੱਝਰ ਪੰਜਾਬ ਵਿੱਚ ਸੁਤੰਤਰ ਸਿੱਖ ਰਾਜ ਦਾ ਇਕ ਪ੍ਰਮੁੱਖ ਸਮਰਥਕ ਸੀ ਅਤੇ ਭਾਰਤ ਦੀ ਸਰਕਾਰ ਉਸ ਨੂੰ ਇਕ ਅੱਤਵਾਦੀ ਮੰਨਦੀ ਸੀ।




