May 8, 2024 7:03 PM - The Canadian Press

ਬਿ੍ਰਟਿਸ਼ ਕੋਲੰਬੀਆ ਦੀ ਬੀਮਾ ਨਿਗਮ ਵਲੋਂ ਅੱਜ ਬੀ.ਸੀ. ਦੇ ਲੱਖਾਂ ਯੋਗ ਡਰਾਇਵਰਾਂ ਨੂੰ ਜੁਲਾਈ ਖਤਮ ਹੋਣ ਤੋਂ ਪਹਿਲਾਂ ਰਿਬੇਟ ਦੇਣ ਦਾ ਐਲਾਨ ਕੀਤਾ ਗਿਆ ਹੈ। 110 ਡਾਲਰ ਦੀ ਰਿਬੇਟ ਕਰਾਊਨ ਕਾਰਪੋਰੇਸ਼ਨ ਵਲੋਂ ਪਿਛਲੇ ਵਿੱਤੀ ਸਾਲ ਵਿੱਚ ਮਜ਼ਬੂਤ ਵਿੱਤੀ ਸਥਿਤੀ ਦੀ ਰਿਪੋਰਟ ਕਰਨ ਤੋਂ ਬਾਅਦ ਦਿੱਤੀ ਜਾ ਰਹੀ ਹੈ। ਇਸ ਵਿਚ ਜਿਨ੍ਹਾਂ ਨਿੱਜੀ ਅਤੇ ਵਪਾਰਕ ਡਰਾਈਵਰਾਂ ਨੇ ਫਰਵਰੀ 2024 ਵਿੱਚ ਬੁਨਿਆਦੀ ਬੀਮਾ ਕਰਵਾਇਆ ਸੀ, ਉਨ੍ਹਾਂ ਨੂੰ ਜੁਲਾਈ ਦੇ ਅੰਤ ਤੱਕ ਲਾਭ ਮਿਲੇਗਾ।
ਇਸ ਤੋਂ ਇਲਾਵਾ ਕੁਝ ਛੋਟਾਂ ਮਈ ਦੇ ਅਖੀਰ ਤੱਕ ਦਿੱਤੀਆਂ ਜਾਣਗੀਆਂ। ਇਹ ਛੋਟਾਂ ਬੀਮੇ ਦੇ ਭੁਗਤਾਨ ਅਨੁਸਾਰ ਵੰਡੀਆਂ ਜਾਣਗੀਆਂ। ਉਦਾਹਰਣ ਵਜੋਂ ਜਿਨ੍ਹਾਂ ਨੇ ਕ੍ਰੈਡਿਟ ਕਾਰਡ ਨਾਲ ਆਪਣੇ ਬੀਮੇ ਲਈ ਭੁਗਤਾਨ ਕੀਤਾ ਹੈ, ਉਨ੍ਹਾਂ ਦੇ ਕਾਰਡ ’ਤੇ ਰਿਫੰਡ ਦਿਖਾਈ ਦੇਵੇਗਾ। ਜੋ ਲੋਕ ਮਹੀਨਾਵਾਰ ਭੁਗਤਾਨ ਯੋਜਨਾ ਅਨੁਸਾਰ ਭੁਗਤਾਨ ਕਰਦੇ ਹਨ, ਉਨ੍ਹਾਂ ਦੀ ਜੂਨ ਸਟੇਟਮੈਂਟ ’ਤੇ ਰਿਬੇਟ ਦਿਖਾਈ ਦੇਵੇਗੀ। ਬਾਕੀਆਂ ਨੂੰ ਸਿੱਧੀ ਜਮ੍ਹਾ ਰਾਸ਼ੀ ਜਾਂ ਚੈੱਕ ਰਾਹੀਂ ਭੁਗਤਾਨ ਕੀਤਾ ਜਾਵੇਗਾ।
ਇਸ ਰਿਬੇਟ ਤੋਂ ਇਲਾਵਾ ਬਿ੍ਰਟਿਸ਼ ਕੋਲੰਬੀਆ ਦੀ ਬੀਮਾ ਨਿਗਮ ਨੇ ਐਲਾਨ ਕੀਤਾ ਕਿ 31 ਮਾਰਚ, 2026 ਤੱਕ ਬੁਨਿਆਦੀ ਬੀਮੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੀਮਤਾਂ ’ਤੇ ਰੋਕ ਮਾਰਚ 2025 ਤੱਕ ਪਹਿਲਾਂ ਹੀ ਲਾਗੂ ਸੀ ਅਤੇ 2019 ਤੋਂ ਬੁਨਿਆਦੀ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।




