Oct 9, 2024 4:15 PM - Connect Newsroom – Jasmine Singh, with files from The Canadian Press

ਮੋਂਟਾਨਾ ਦੀ ਇੱਕ ਅਮਰੀਕੀ ਜ਼ਿਲ੍ਹਾ ਅਦਾਲਤ ਨੇ ਬ੍ਰਿਟਿਸ਼ ਕੋਲੰਬੀਆ ਦੇ ਕੈਲੋਨਾ ਨਿਵਾਸੀ 27 ਸਾਲਾ ਹੈਪਟੀ ਜਾਨ ਕੋਜ਼ੈਕ ਨੂੰ ਜਾਲਸਾਜ਼ੀ ਕਰਕੇ ਬੰਦੂਕਾਂ ਖਰੀਦਣ ਅਤੇ ਉਨ੍ਹਾਂ ਨੂੰ ਕੈਨੇਡਾ ਵਿਚ ਵੇਚਣ ਦੀ ਯੋਜਨਾ ਬਣਾਉਣ ਦੇ ਮਾਮਲੇ ਵਿੱਚ 18 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਦੱਸਿਆ ਕਿ ਕੋਜ਼ੈਕ ਨੇ ਇਸ ਸਾਲ ਦੇ ਸ਼ੁਰੂ ਵਿੱਚ ਬੰਦੂਕਾਂ ਦੀ ਖਰੀਦਦਾਰੀ ਦੌਰਾਨ ਝੂਠੇ ਬਿਆਨ ਦੇਣ ਦੇ ਚਾਰ ਦੋਸ਼ਾਂ ਲਈ ਦੋਸ਼ ਕਬੂਲ ਕੀਤਾ ਸੀ। ਜੱਜ ਡੋਨਾਲਡ ਮੋਲੋਏ ਨੇ 10,000 ਅਮਰੀਕੀ ਡਾਲਰ ਜੁਰਮਾਨਾ, ਤਿੰਨ ਸਾਲ ਦੀ ਨਿਗਰਾਨੀ ਹੇਠ ਰਿਹਾਈ ਅਤੇ 12 ਬੰਦੂਕਾਂ ਦੀ ਜ਼ਬਤੀ ਦੇ ਹੁਕਮ ਵੀ ਦਿੱਤੇ।
ਜਾਂਚ ਅਨੁਸਾਰ, ਕੋਜ਼ੈਕ ਨੇ ਨਕਲੀ ਮੋਂਟਾਨਾ ਡਰਾਈਵਰ ਲਾਇਸੈਂਸ ਵਰਤ ਕੇ ਕਈ ਸ਼ਹਿਰਾਂ ਵਿਚੋਂ ਬੰਦੂਕਾਂ ਖਰੀਦੀਆਂ। ਟੈਕਸਟ ਸੁਨੇਹਿਆਂ ਅਤੇ ਹੋਰ ਸਬੂਤਾਂ ਤੋਂ ਪਤਾ ਲੱਗਾ ਕਿ ਉਹ ਇਹ ਹਥਿਆਰ ਕੈਨੇਡਾ ਵਿਚ ਗੈਰਕਾਨੂੰਨੀ ਤੌਰ ‘ਤੇ ਵੇਚਣ ਦੀ ਯੋਜਨਾ ਬਣਾ ਰਿਹਾ ਸੀ।
ਅਮਰੀਕੀ ਅਟਾਰਨੀ ਜੈਸੀ ਲੈਸਲੋਵਿਚ ਨੇ ਕਿਹਾ ਕਿ ਅਜਿਹੀ ਤਸਕਰੀ ਗਲੋਬਲ ਪੱਧਰ ‘ਤੇ ਹਥਿਆਰਾਂ ਨਾਲ ਜੁੜੀ ਹਿੰਸਾ ਨੂੰ ਵਧਾਉਂਦੀ ਹੈ, ਕਿਉਂਕਿ ਇਹ ਬੰਦੂਕਾਂ ਅਕਸਰ ਅਪਰਾਧੀਆਂ ਦੇ ਹੱਥਾਂ ਵਿੱਚ ਪਹੁੰਚ ਜਾਂਦੀਆਂ ਹਨ। ਇਸ ਮਾਮਲੇ ਦੀ ਜਾਂਚ ਅਮਰੀਕੀ ਬਿਊਰੋ ਆਫ਼ ਆਲਕੋਹਲ, ਟੋਬੈਕੋ, ਫਾਇਰਆਰਮਜ਼ ਐਂਡ ਐਕਸਪਲੋਸਿਵਜ਼ (ATF) ਅਤੇ RCMP ਨੇ ਮਿਲ ਕੇ ਕੀਤੀ।




