May 20, 2026 3:15 PM - Connect Newsroom - Ramandeep Kaur with files from The Canadian Press

ਪ੍ਰੀਮੀਅਰ ਡੇਵਿਡ ਈਬੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕਰਨਗੇ, ਜਿਸ ਦੌਰਾਨ ਉਹ ਐਲਬਰਟਾ ਨੂੰ ਫੈਡਰਲ ਸਰਕਾਰ ਵਲੋਂ ਕਾਰਬਨ ਪ੍ਰਾਈਸਿੰਗ ਵਿਚ ਦਿੱਤੀ ਜਾ ਰਹੀ ਪ੍ਰਸਤਾਵਿਤ ਛੋਟ ਦਾ ਮੁੱਦਾ ਉਠਾਉਣਗੇ।
ਈਬੀ ਨੇ ਮੰਗਲਵਾਰ ਨੂੰ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਸੀ ਕਿ ਜੇਕਰ ਫੈਡਰਲ ਸਰਕਾਰ ਆਪਣਾ ਸਾਰਾ ਧਿਆਨ ਦੇਸ਼ ਤੋਂ ਵੱਖ ਹੋਣ ਦੀ ਗੱਲ ਕਰਨ ਵਾਲੇ ਵੱਖਵਾਦੀ ਪ੍ਰੀਮੀਅਰ ਵੱਲ ਲਗਾਏਗੀ ਤਾਂ ਕੈਨੇਡਾ ਸਹੀ ਤਰੀਕੇ ਨਾਲ ਨਹੀਂ ਚੱਲ ਸਕਦਾ। ਇਹ ਵਿਵਾਦ ਪ੍ਰਧਾਨ ਮੰਤਰੀ ਕਾਰਨੀ ਅਤੇ ਐਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਵਿਚਕਾਰ ਪਿਛਲੇ ਹਫ਼ਤੇ ਹੋਏ ਇੱਕ ਅਹਿਮ ਸਮਝੌਤੇ ਤੋਂ ਬਾਅਦ ਸ਼ੁਰੂ ਹੋਇਆ ਹੈ, ਜਿਸ ਵਿਚ ਪੱਛਮੀ ਤੱਟ ਲਈ ਨਵੀਂ ਤੇਲ ਪਾਈਪਲਾਈਨ ਅਤੇ ਐਲਬਰਟਾ ਲਈ ਕਾਰਬਨ ਟੈਕਸ ਘਟਾਉਣ ਦਾ ਐਲਾਨ ਕੀਤਾ ਗਿਆ ਸੀ।
ਈਬੀ ਨੇ ਕਿਹਾ ਕਿ ਇਹ ਨਹੀਂ ਹੋ ਸਕਦਾ ਕਿ ਉਨ੍ਹਾਂ ਪ੍ਰਾਜੈਕਟ ਨੂੰ ਪਹਿਲ ਦਿੱਤੀ ਜਾਵੇ, ਜਿੱਥੇ ਦਾ ਪ੍ਰੀਮੀਅਰ ਕੈਨੇਡਾ ਛੱਡਣ ਦੀ ਧਮਕੀ ਦਿੰਦਾ ਹੋਵੇ,ਉਨ੍ਹਾਂ ਕਿਹਾ ਕਿ ਐਲਬਰਟਾ ਨਾਲ ਹੋਇਆ ਕਾਰਬਨ ਸਮਝੌਤਾ ਬਿਲਕੁਲ ਪੱਖਪਾਤੀ ਹੈ।ਈਬੀ ਨੇ ਕਿਹਾ ਕਿ ਰਾਸ਼ਟਰੀ ਨੀਤੀਆਂ 'ਤੇ ਕਿਸੇ ਇੱਕ ਸੂਬੇ ਦਾ ਹੱਕ ਨਹੀਂ ਹੈ ਬਲਕਿ ਦੇਸ਼ ਦੇ ਸਾਰੇ ਪ੍ਰੀਮੀਅਰਜ਼ ਨਾਲ ਚਰਚਾ ਹੋਣੀ ਚਾਹੀਦੀ ਹੈ।




