Mar 6, 2021 2:54 AM -

ਅੱਜ ਬੀ.ਸੀ. 'ਚ ਕੋਵਿਡ-19 ਦੇ 634 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਦੁੱਖ ਦੀ ਗੱਲ ਸੀ ਕਿ 4 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 83,107 ਤਕ ਪਹੁੰਚ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,380 ਹੋ ਗਈ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,901 ਤਕ ਪਹੁੰਚ ਗਏ ਹਨ। ਕੁੱਲ 255 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 66 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ ਮਾਮਲੇ 250 ਤਕ ਪਹੁੰਚੇ
ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 4 ਹੋਰ ਮਾਮਲੇ ਰਿਪੋਰਟ ਹੋਏ ਹਨ। ਇਸ ਦੇ ਨਾਲ ਹੁਣ ਸੂਬੇ 'ਚ ਨਵੇਂ ਵਾਇਰਸ ਵੇਰੀਐਂਟਸ ਦੇ ਕੁੱਲ 250 ਮਾਮਲੇ ਰਿਪੋਰਟ ਹੋ ਚੁੱਕੇ ਹਨ। ਇਸ 'ਚ 222 ਮਾਮਲੇ ਯੂ.ਕੇ. ਵੇਰੀਐਂਟ ਦੇ ਹਨ, ਜਦਕਿ 28 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸੰਬੰਧਤ ਹਨ।
ਕੋਵਿਡ-19 ਸੰਬੰਧੀ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 300,000 ਦੇ ਪਾਰ
ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 311,208 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 86,865 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਸ਼ੁੱਕਰਵਾਰ ਤਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ, ਹੁਣ ਤੱਕ ਸੂਬੇ 'ਚ ਕੁੱਲ 385,080 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।




