Jun 15, 2020 7:07 PM -

ਬੀ.ਸੀ. ਸਰਕਾਰ ਵੱਲੋਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਰਗੇ ਮਸਲਿਆਂ ਨਾਲ ਜੂਝ ਰਹੇ ਨੌਜਵਾਨਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਲਈ ਸੂਬੇ ਵਿੱਚ ਕੁੱਲ ਅੱਠ ਨਵੇਂ ਫਾਊਂਡਰੀ ਸੈਂਟਰਾਂ ਲਈ ਫੰਡਿੰਗ ਜਾਰੀ ਕੀਤੀ ਜਾਵੇਗੀ।
ਇਹਨਾਂ ਵਿੱਚੋਂ ਤਿੰਨ ਸੈਂਟਰ ਗ੍ਰੇਟਰ ਵੈਨਕੂਵਰ ਰੀਜਨ ਵਿੱਚ ਹੋਣਗੇ, ਜਿਨ੍ਹਾਂ ਵਿੱਚੋਂ ਇੱਕ ਸਰ੍ਹੀ ਅਤੇ ਇੱਕ ਸੈਂਟਰ ਸਕਵਾਮਿਸ਼ ਵਿੱਚ ਹੋਵੇਗਾ।
ਬਾਕੀ ਸੈਂਟਰ ਬਰਨਜ਼ ਲੇਕ, ਵਿਲਿਅਮਜ਼ ਲੇਕ, ਕਰੈਨਬਰੂਕ, ਪੋਰਟ ਹਾਰਡੀ ਅਤੇ ਕੋਮੌਕਸ ਵੈਲੀ ਵਿੱਚ ਹੋਣਗੇ।
ਇਹਨਾਂ ਫਾਊਂਡਰੀ ਸੈਂਟਰਾਂ 'ਤੇ 12 ਤੋਂ 24 ਵਰ੍ਹਿਆਂ ਦੇ ਨੌਜਵਾਨਾਂ ਨੂੰ ਵਾਲਕ-ਇਨ ਕਾਉਂਸਲਿੰਗ ਤੋਂ ਇਲਾਵਾ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾਲ ਸੰਬੰਧਿਤ ਸੇਵਾਵਾਂ, ਅਤੇ ਸਮਾਜਿਕ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਮਿਨਿਸਟਰ ਜੂਡੀ ਡਾਰਸੀ ਦਾ ਕਹਿਣਾ ਹੈ ਕਿ ਕੋਵਿਡ-19 ਅਤੇ ਨਸ਼ੀਲੇ ਪਦਾਰਥਾਂ ਕਾਰਣ ਹੋ ਰਹੀਆਂ ਮੌਤਾਂ ਦੇ ਚਲਦੇ, ਇਹ ਬਹੁਤ ਜ਼ਰੂਰੀ ਹੈ ਕਿ ਨੌਜਵਾਨਾਂ ਤੱਕ ਬਿਹਤਰੀਨ ਸੇਵਾਵਾਂ ਪਹੁੰਚਾਈਆਂ ਜਾਣ।




