Jan 27, 2025 5:56 PM - Connect Newsroom

ਬੈਂਕ ਆਫ਼ ਕੈਨੇਡਾ ਵਲੋਂ ਇਸ ਹਫ਼ਤੇ ਵਿਆਜ ਦਰਾਂ ਵਿਚ ਕਟੌਤੀ ਕਰਨ ਦੀ ਉਮੀਦ ਹੈ ਕਿਉਂਕਿ ਸੈਂਟਰਲ ਬੈਂਕ ਅਮਰੀਕਾ ਨਾਲ ਵਪਾਰ ਯੁੱਧ ਦੀ ਤਿਆਰੀ ਕਰ ਰਿਹਾ ਹੈ ਜਿਸ ਨਾਲ ਕੈਨੇਡੀਅਨ ਅਰਥਵਿਵਸਥਾ ਮੰਦੀ ਵਿਚ ਜਾ ਸਕਦੀ ਹੈ ਅਤੇ ਖਪਤਕਾਰਾਂ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ।
ਬੈਂਕ ਆਫ਼ ਕੈਨੇਡਾ ਦੇ ਡਿਪਟੀ ਗਵਰਨਰ ਟੋਨੀ ਗ੍ਰੇਵੇਲ ਨੇ ਹਾਲ ਹੀ ਵਿਚ ਟੋਰਾਂਟੋ ਵਿਚ ਇੱਕ ਪ੍ਰੋਗਰਾਮ ਦੌਰਾਨ ਟਿੱਪਣੀ ਕੀਤੀ ਸੀ ਕਿ ਟੈਰਿਫ ਯੁੱਧ ਨਾਲ ਅਰਥਵਿਵਸਥਾ ਵਿਚ ਮੰਦੀ ਦੇ ਨਾਲ-ਨਾਲ ਮਹਿੰਗਾਈ ’ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਜੋ ਸੈਂਟਰਲ ਬੈਂਕ ਲਈ ਇੱਕ ਬਹੁਤ ਹੀ ਗੁੰਝਲਦਾਰ ਸਥਿਤੀ ਪੈਦਾ ਕਰ ਰਿਹਾ ਹੈ।
ਵਿਸ਼ਲੇਸ਼ਕਾਂ ਅਤੇ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਬੈਂਕ ਬੁੱਧਵਾਰ ਨੂੰ ਆਪਣੇ ਵਿਆਜ ਦਰ ਦੇ ਫੈਸਲੇ ਵਿਚ ਪ੍ਰਮੁੱਖ ਤੌਰ ’ਤੇ ਆਰਥਿਕ ਵਿਕਾਸ, ਨਿਵੇਸ਼ ਅਤੇ ਨੌਕਰੀਆਂ ਨੂੰ ਨੁਕਸਾਨ ਦੀ ਸੰਭਾਵਨਾ ’ਤੇ ਵਧੇਰੇ ਫੋਕਸ ਕਰੇਗਾ ਅਤੇ ਇਸ ਦੇ ਮੱਦੇਨਜ਼ਰ ਵਿਆਜ ਦਰ ਵਿਚ 0.25 ਫੀਸਦੀ ਦੀ ਇੱਕ ਹੋਰ ਕਟੌਤੀ ਕੀਤੀ ਜਾ ਸਕਦੀ ਹੈ।
ਹਾਲਾਂਕਿ, ਭਾਵੇਂ ਬਾਜ਼ਾਰ ਵਲੋਂ ਹੋਰ ਕਟੌਤੀ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਮਾਹਰਾਂ ਦਾ ਕਹਿਣਾ ਹੈ ਕਿ ਗਵਰਨਰ ਟਿਫ ਮੈਕਲੇਮ ਦੀ ਅਗਵਾਈ ਵਾਲੀ ਗਵਰਨਿੰਗ ਕੌਂਸਲ ਲਈ ਇਸ ਹਫ਼ਤੇ ਕੋਈ ਵੀ ਫੈਸਲਾ ਲੈਣਾ ਆਸਾਨ ਨਹੀਂ ਹੋਵੇਗਾ।




