Sep 21, 2026 3:21 PM - Connect Newsroom - Ramandeep Kaur with files from The Canadian Press

ਬੀ.ਸੀ. ਕੰਜ਼ਰਵੇਟਿਵ ਦੀ ਲੀਡਰ ਕੈਰੀ-ਲਿਨ ਫਿੰਡਲੇ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਵਿਰੋਧ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਦਾ ਇਹ ਅਸਤੀਫ਼ਾ ਪਾਰਟੀ ਲੀਡਰਸ਼ਿਪ ਦੀ ਕਮਾਨ ਸੰਭਾਲਣ ਦੇ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਆਇਆ ਹੈ।
ਫਿੰਡਲੇ ਨੇ ਸੋਸ਼ਲ ਮੀਡੀਆ 'ਤੇ ਜਨਤਕ ਕੀਤੇ ਆਪਣੇ ਬਿਆਨ ਵਿਚ ਮੰਨਿਆ ਕਿ ਪਾਰਟੀ ਦੀ ਐਨਰਜੀ ਸੱਤਾਧਾਰੀ ਐਨ.ਡੀ.ਪੀ. ਸਰਕਾਰ ਨੂੰ ਚੁਣੌਤੀ ਦੇਣ ਦੀ ਬਜਾਏ ਆਪਸੀ ਲੜਾਈ ਅਤੇ ਅੰਦਰੂਨੀ ਵਿਰੋਧ ਵਿਚ ਬਰਬਾਦ ਹੋ ਰਹੀ ਸੀ, ਜਿਸ ਕਾਰਨ ਉਹਨਾਂ ਸੂਬੇ ਦੇ ਹਿੱਤ ਵਿਚ ਇਹ ਕਦਮ ਚੁੱਕਿਆ। ਇਸ ਲੀਡਰਸ਼ਿਪ ਸੰਕਟ ਦੇ ਤੁਰੰਤ ਬਾਅਦ ਪਾਰਟੀ ਦੇ ਬੋਰਡ ਔਫ ਡਾਇਰੈਕਟਰ ਨੇ ਵਿਧਾਇਕ Lorne Doerkson ਨੂੰ ਅੰਤਰਿਮ ਲੀਡਰ ਨਿਯੁਕਤ ਕੀਤਾ ਹੈ।
ਹਾਲਾਂਕਿ, ਫਿੰਡਲੇ ਨੇ ਲੀਡਰਸ਼ਿਪ ਛੱਡ ਦਿੱਤੀ ਹੈ ਪਰ ਉਹ ਐਬਟਸਫੋਰਡ-ਮਿਸ਼ਨ ਹਲਕੇ ਤੋਂ ਜ਼ਿਮਨੀ-ਚੋਣ ਵਿਚ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਬਣੇ ਰਹਿਣਗੇ। ਇਹ ਸਿਆਸੀ ਉਥਲ-ਪੁਥਲ ਅਜਿਹੇ ਸਮੇਂ ਹੋਈ ਹੈ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਿਪੋਰਟਸ ਮੁਤਾਬਕ, ਈਬੀ ਮੰਗਲਵਾਰ ਨੂੰ ਚੋਣਾਂ ਦਾ ਐਲਾਨ ਕਰ ਸਕਦੇ ਹਨ ਅਤੇ 24 ਅਕਤੂਬਰ ਨੂੰ ਵੋਟਾਂ ਪੈ ਸਕਦੀਆਂ ਹਨ।




