Sep 4, 2025 6:08 PM - Connect Newsroom

ਚਿਲੀਵੈਕ ਵਿਚ ਹਾਈਵੇਅ 1 'ਤੇ ਬੁੱਧਵਾਰ ਨੂੰ ਹੋਏ ਇੱਕ ਗੰਭੀਰ ਹਾਦਸੇ ਦੇ ਸਬੰਧ ਵਿਚ ਬੀਸੀ ਹਾਈਵੇ ਪੈਟਰੋਲ ਨੇ ਡੈਸ਼ ਕੈਮ ਵੀਡੀਓ ਲਈ ਅਪੀਲ ਕੀਤੀ ਹੈ। ਬੀਤੇ ਕੱਲ੍ਹ ਦੁਪਹਿਰ 3:30 ਵਜੇ ਦੇ ਕਰੀਬ ਯੇਲ ਰੋਡ ਐਗਜ਼ਿਟ ਨੇੜੇ ਦੋ ਪਿਕਅੱਪ ਟਰੱਕ ਦੀ ਟੱਕਰ ਹੋਈ ਸੀ, ਜਿਸ ਕਾਰਨ ਈਸਟਬਾਊਂਡ ਲੇਨ ਲਗਭਗ 8 ਘੰਟੇ ਬੰਦ ਰਹੀ। ਇਸ ਘਟਨਾ ਵਿਚ ਵਾਈਟ ਟੋਇਟਾ ਟੈਕੋਮਾ ਪਿਕਅੱਪ ਅਤੇ ਬਲੈਕ ਜੀ.ਐਸ.ਪੀ. ਸੀਅਰਾ ਪਿਕਅੱਪ ਸ਼ਾਮਲ ਸਨ, ਜੋ ਟੱਕਰ ਮਗਰੋਂ ਸੜਕ ਕਿਨਾਰੇ ਖਾਈ ਵਿਚ ਪਲਟ ਗਏ ਸਨ।

ਇਸ ਵਿਚ ਚਿਲੀਵੈਕ ਦੇ 18 ਸਾਲਾ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਜੋ ਟੋਇਟਾ ਟੈਕੋਮਾ ਚਲਾ ਰਿਹਾ ਸੀ, ਜਦੋਂ ਕਿ ਜੀ.ਐਸ.ਪੀ. ਸੀਅਰਾ ਨੂੰ ਡਰਾਈਵ ਕਰਨ ਵਾਲੇ ਬਜ਼ੁਰਗ ਨੂੰ ਜ਼ਿੰਦਗੀ ਭਰ ਲਈ ਪ੍ਰਭਾਵ ਪਾਉਣ ਵਾਲੀਆਂ ਸੱਟਾਂ ਲੱਗੀਆਂ ਸਨ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਇਹ ਬਜ਼ੁਰਗ ਐਲਬਰਟਾ ਦਾ ਰਹਿਣ ਵਾਲਾ ਹੈ।
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵਾਂ ਪਿਕਅੱਪ ਟਰੱਕ ਦੀ ਟੱਕਰ ਕਿਵੇਂ ਹੋਈ, ਇਨਵੈਸਟੀਗੇਟਰਸ ਨੇ ਕਿਹਾ ਜਿਸ ਕਿਸੇ ਨੂੰ ਵੀ ਇਸ ਬਾਰੇ ਜਾਣਕਾਰੀ ਹੈ ਜਾਂ ਵੀਡੀਓ ਫੁਟੇਜ ਹੈ ਤਾਂ ਉਹ ਬੀ.ਸੀ.ਹਾਈਵੇਅ ਪੈਟਰੋਲ ਚਿਲੀਵੈਕ ਨਾਲ ਸੰਪਰਕ ਕਰਕੇ ਜਾਂਚ ਵਿਚ ਸਹਿਯੋਗ ਕਰ ਸਕਦਾ ਹੈ।




