Aug 30, 2024 7:16 PM - Connect Newsroom

ਕੈਨੇਡੀਅਨ ਅਰਥਵਿਵਸਥਾ ਨੇ ਅਪ੍ਰੈਲ ਤੋਂ ਜੂਨ ਤੱਕ ਦੇ ਦੂਜੇ ਕੁਆਰਟਰ ਵਿਚ ਉਮੀਦ ਤੋਂ ਵੱਧ ਤੇਜ਼ੀ ਨਾਲ ਵਾਧਾ ਦਰਜ ਕੀਤਾ ਹੈ। ਜੀ. ਡੀ. ਪੀ. ਦਾ ਇਹ ਲੇਟਸਟ ਅੰਕੜਾ 4 ਸਤੰਬਰ ਨੂੰ ਬੈਂਕ ਔਫ ਕੈਨੇਡਾ ਵਲੋਂ ਵਿਆਜ ਦਰ ਬਾਰੇ ਫੈਸਲਾ ਲਏ ਜਾਣ ਤੋਂ ਪਹਿਲਾਂ ਆਖਰੀ ਆਰਥਿਕ ਡੇਟਾ ਹੈ। ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡੀਅਨ ਅਰਥਵਿਵਸਥਾ ਦੂਜੀ ਤਿਮਾਹੀ ਵਿਚ 2.1 ਫੀਸਦੀ ਦੀ ਸਾਲਾਨਾ ਦਰ ਨਾਲ ਵਧੀ, ਜੋ ਕਿ ਬੈਂਕ ਔਫ ਕੈਨੇਡਾ ਦੇ ਪੂਰਵ ਅਨੁਮਾਨ ਨਾਲੋਂ ਜ਼ਿਆਦਾ ਹੈ।
ਹਾਲਾਂਕਿ, ਜੀ. ਡੀ. ਪੀ. ਨੂੰ ਇਹ ਸਪੋਰਟ ਮੁੱਖ ਤੌਰ ’ਤੇ ਸਰਕਾਰੀ ਖ਼ਰਚ ਵਿਚ ਵਾਧੇ, ਕਾਰੋਬਾਰੀ ਨਿਵੇਸ਼ ਅਤੇ ਸਰਵਿਸ ’ਤੇ ਖਪਤਕਾਰ ਦੇ ਵਧੇਰੇ ਖ਼ਰਚ ਨਾਲ ਮਿਲੀ, ਜਦੋਂ ਕਿ ਦੂਜੇ ਪਾਸੇ ਨਿਰਯਾਤ, ਰਿਹਾਇਸ਼ੀ ਉਸਾਰੀ ਅਤੇ ਵਸਤੂਆਂ ’ਤੇ ਘਰੇਲੂ ਖ਼ਰਚ ਵਿਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਵਿਆਜ ਦਰਾਂ ਵਿਚ ਕਟੌਤੀ ਦੀ ਸੰਭਾਵਨਾ ਵਧੀ ਹੈ।
ਵਿੱਤੀ ਬਾਜ਼ਾਰ ਨੂੰ ਹੁਣ 4 ਸਤੰਬਰ ਨੂੰ ਵਿਆਜ ਦਰਾਂ ਵਿਚ 25 ਆਧਾਰ ਬਿੰਦੂ ਯਾਨੀ 0.25 ਫੀਸਦੀ ਕਟੌਤੀ ਦੀ 80 ਫੀਸਦੀ ਸੰਭਾਵਨਾ ਦਿਸ ਰਹੀ ਹੈ, ਜਦੋਂ ਕਿ ਜੀ. ਡੀ. ਪੀ. ਡੇਟਾ ਜਾਰੀ ਹੋਣ ਤੋਂ ਪਹਿਲਾਂ ਇਹ ਸੰਭਾਵਨਾ 77 ਫੀਸਦੀ ਸੀ। ਇਹ ਵੀ ਅਨੁਮਾਨ ਹੈ ਕਿ ਸਤੰਬਰ ਤੋਂ ਬਾਅਦ ਇਸ ਸਾਲ ਵਿਆਜ ਦਰਾਂ ਵਿਚ ਦੋ ਵਾਰ ਹੋਰ ਕਟੌਤੀ ਹੋ ਸਕਦੀ ਹੈ।




