Aug 22, 2026 6:27 AM - Connect Newsroom - Ramandeep Kaur with files from The Canadian Press

ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਆਖ਼ਰੀ ਦੌਰ ਦੀ ਵਪਾਰਕ ਗੱਲਬਾਤ ਅਸਫਲ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡੀਅਨ ਵਸਤੂਆਂ ’ਤੇ 50 ਫ਼ੀਸਦੀ ਦੇ ਨਵੇਂ ਟੈਰਿਫ ਲਾਗੂ ਕਰ ਦਿੱਤੇ ਹਨ। ਇਸ ਡੈੱਡਲਾਈਨ ਤੋਂ ਠੀਕ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗੱਲਬਾਤ ਨੂੰ ਮੁਲਤਵੀ ਕਰਦਿਆਂ ਆਪਣੇ ਵਾਰਤਾਕਾਰਾਂ ਨੂੰ ਵਾਪਸ Ottawa ਬੁਲਾ ਲਿਆ।
ਉਨ੍ਹਾਂ ਸਪੱਸ਼ਟ ਕੀਤਾ ਕਿ ਆਖ਼ਰੀ ਪਲਾਂ ’ਤੇ ਅਮਰੀਕਾ ਵੱਲੋਂ ਬਦਲੀਆਂ ਗਈਆਂ ਸ਼ਰਤਾਂ ਗ਼ੈਰ-ਵਾਜਬ ਅਤੇ ਨੁਕਸਾਨਦੇਹ ਸਨ, ਜਿਸ ਕਾਰਨ ਸਮਝੌਤੇ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਹੋ ਗਏ ਸਨ। ਇਸ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਨੇ ਕੈਨੇਡਾ ਦੇ ਵਰਕਰਜ਼ ਅਤੇ ਕਾਰੋਬਾਰਾਂ ਦੇ ਹਿੱਤਾਂ ਦੀ ਰਾਖੀ ਲਈ ਉਨ੍ਹਾਂ ਨੂੰ ਜਲਦ ਸਹਾਇਤਾ ਦੇਣ ਅਤੇ ਅਮਰੀਕੀ ਟੈਰਿਫ ਦਾ ਡਾਲਰ ਦੇ ਬਦਲੇ ਡਾਲਰ ਨਾਲ ਜਵਾਬ ਦੇਣ ਦਾ ਐਲਾਨ ਕੀਤਾ ਹੈ।
ਦੂਜੇ ਪਾਸੇ, ਇਸ ਘਟਨਾਕ੍ਰਮ 'ਤੇ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਬਿਆਨ ਵਿਚ ਕਿਹਾ ਕਿ ਅਮਰੀਕਾ ਵੱਲੋਂ ਸਟੀਲ, ਐਲੂਮੀਨੀਅਮ, ਆਟੋ ਅਤੇ ਲੰਬਰ 'ਤੇ ਟੈਰਿਫ ਘਟਾਉਣ ਦੀ ਪੇਸ਼ਕਸ਼ ਦੇ ਬਾਵਜੂਦ ਕੈਨੇਡਾ ਨੇ ਡੀਲ ਤੋਂ ਇਨਕਾਰ ਕਰਕੇ ਮੌਕਾ ਗੁਆਇਆ ਹੈ।
ਉਥੇ ਹੀ, ਕੈਨੇਡੀਅਨ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਬੀ.ਸੀ. ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਕੈਨੇਡਾ ਦੀ ਸ਼ਰਾਫਤ ਨੂੰ ਕਮਜ਼ੋਰੀ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਅਤੇ ਅਸੀਂ ਆਪਣੇ ਹੱਕਾਂ ਲਈ ਓਨੀ ਦੇਰ ਤੱਕ ਲੜਾਂਗੇ ਜਿੰਨੀ ਦੇਰ ਇਸ ਦੀ ਲੋੜ ਹੋਵੇਗੀ।




