Oct 5, 2026 3:44 PM - Connect Newsroom - Ramandeep Kaur with files from The Canadian Press

ਕੈਨੇਡਾ ਅਤੇ ਭਾਰਤ ਦੇ ਮੁੱਖ ਵਾਰਤਾਕਾਰ ਵਿਚਕਾਰ ਅੱਜ ਤੋਂ ਔਟਵਾ ਵਿਚ ਪੰਜਵੇਂ ਦੌਰ ਦੀ ਵਪਾਰਕ ਗੱਲਬਾਤ ਸ਼ੁਰੂ ਹੋ ਗਈ ਹੈ, ਜਿਸ ਦੀ ਪੁਸ਼ਟੀ ਅੰਤਰਰਾਸ਼ਟਰੀ ਵਪਾਰ ਮਾਮਲਿਆਂ ਲਈ ਮੰਤਰੀ ਮਨਿੰਦਰ ਸਿੱਧੂ ਨੇ ਕੀਤੀ ਹੈ।
ਮੰਤਰੀ ਸਿੱਧੂ ਨੇ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੀ ਆਰਥਿਕਤਾ 7 ਫੀਸਦੀ ਸਾਲਾਨਾ ਦਰ ਨਾਲ ਵਧ ਰਹੀ ਹੈ ਅਤੇ ਸਾਲ 2035 ਤੱਕ ਇਸ ਦੀਆਂ ਐਨਰਜੀ ਲੋੜਾਂ ਵਿਚ 70 ਫੀਸਦੀ ਤੱਕ ਦਾ ਵਾਧਾ ਹੋਣ ਦੀ ਉਮੀਦ ਹੈ ਤੇ ਇਸ ਮੰਗ ਨੂੰ ਕੈਨੇਡਾ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਦੋਵਾਂ ਦੇਸ਼ਾਂ ਦੇ ਮੁੱਖ ਵਾਰਤਾਕਾਰ ਇਸ ਸਾਲ ਦੇ ਅੰਤ ਤੱਕ ਮੁਕਤ ਵਪਾਰ ਸਮਝੌਤਾ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਔਟਵਾ ਵਿਚ ਤਾਜ਼ਾ ਗੱਲਬਾਤ 9 ਅਕਤੂਬਰ ਤੱਕ ਚੱਲੇਗੀ। ਉਥੇ ਹੀ, ਇਸ ਵਪਾਰਕ ਗੱਲਬਾਤ ਤੋਂ ਬਾਅਦ ਮਨਿੰਦਰ ਸਿੱਧੂ ਇਸ ਮਹੀਨੇ ਦੇ ਅਖੀਰ ਵਿਚ 300-ਮੈਂਬਰੀ ਵੱਡੇ ਕੈਨੇਡੀਅਨ ਕਾਰੋਬਾਰ ਵਫ਼ਦ ਨਾਲ ਭਾਰਤ ਦੇ ਦੌਰੇ 'ਤੇ ਵੀ ਜਾਣ ਵਾਲੇ ਹਨ।




