Oct 20, 2026 5:30 PM - Connect Newsroom - Ramandeep Kaur with files from The Canadian Press

ਸਰੀ ਦੇ ਨਵੇਂ ਚੁਣੇ ਗਏ ਮੇਅਰ ਡੱਗ ਮੈਕਕੈਲਮ ਨੇ ਨਿਊਟਨ ਇਲਾਕੇ ਤੱਕ ਸਕਾਈਟ੍ਰੇਨ ਦੇ ਵਿਸਥਾਰ ਲਈ ਦੋ ਪ੍ਰਮੁੱਖ ਸੂਬਾ ਪੱਧਰੀ ਪਾਰਟੀਆਂ ਵਲੋਂ ਕੀਤੇ ਗਏ ਐਲਾਨਾਂ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੈਕਕੈਲਮ ਦੀ ਸੇਫ ਸਰੀ ਕੋਲੀਸ਼ਨ ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੀ. ਸੀ.ਕੰਜ਼ਰਵੇਟਿਵ ਪਾਰਟੀ ਨੇ ਜਿਥੇ ਨਿਊਟਨ ਟਾਊਨ ਸੈਂਟਰ ਤੱਕ ਸਕਾਈਟ੍ਰੇਨ ਪ੍ਰੋਜੈਕਟ ਡਿਲਿਵਰ ਕਰਨ ਦਾ ਪੱਕਾ ਭਰੋਸਾ ਦਿੱਤਾ ਹੈ, ਉੱਥੇ ਹੀ ਬੀ. ਸੀ. ਐਨ.ਡੀ.ਪੀ. ਵੱਲੋਂ ਸਿਰਫ਼ ਇੱਕ ਹੋਰ ਮੀਟਿੰਗ ਕਰਨ ਦੀ ਪੇਸ਼ਕਸ਼ ਕੀਤੀ ਗਈ ਹੈ।
ਮੈਕਕੈਲਮ ਨੇ ਕਿਹਾ ਕਿ ਇਹ ਮੁੱਦਾ ਨਿਊਟਨ ਲਈ ਕਾਫੀ ਮਾਈਨੇ ਰੱਖਦਾ ਹੈ ਕਿਉਂਕਿ ਇਹ ਸਰੀ ਦੀ ਸਭ ਤੋਂ ਵੱਡੀ ਕਮਿਊਨਿਟੀ ਹੈ ਅਤੇ ਜ਼ਿਆਦਾਤਰ ਸ਼ਹਿਰਾਂ ਨਾਲੋਂ ਵੀ ਵੱਧ ਆਬਾਦੀ ਵਾਲਾ ਖੇਤਰ ਹੈ ਪਰ ਇਸ ਦੇ ਬਾਵਜੂਦ ਇੱਥੇ ਕੋਈ ਤੇਜ਼ ਆਵਾਜਾਈ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਇਸ ਨੂੰ ਟ੍ਰਾਂਜ਼ਿਟ ਨਕਸ਼ੇ ਤੋਂ ਬਾਹਰ ਰੱਖ ਕੇ ਅਣਗੌਲਿਆ ਕੀਤਾ ਗਿਆ ਹੈ।
ਮੈਕਕੈਲਮ ਨੇ ਭਰੋਸਾ ਦਿੱਤਾ ਕਿ ਸਰੀ ਦੀ ਨਵੀਂ ਕੌਂਸਲ ਦੇ ਸਹੁੰ ਚੁੱਕਦੇ ਹੀ ਨਿਊਟਨ ਰੂਟ ਲਈ ਸਾਰੇ ਜ਼ਰੂਰੀ ਪਰਮਿਟ ਅਤੇ ਤਿਆਰੀਆਂ ਉਸੇ ਤਰ੍ਹਾਂ ਤੁਰੰਤ ਮੁਕੰਮਲ ਕਰ ਲਈਆਂ ਜਾਣਗੀਆਂ, ਜਿਵੇਂ ਲੈਂਗਲੀ ਲਾਈਨ ਦੇ ਨਿਰਮਾਣ ਲਈ ਕੀਤੀਆਂ ਗਈਆਂ ਸਨ।




