Sep 18, 2026 1:50 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਸ਼ੁੱਕਰਵਾਰ ਨੂੰ ਮੁੰਬਈ ਵਿਖੇ ਭਾਰਤੀ ਵਪਾਰ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕੀਤੀ, ਜਿੱਥੇ ਦੋਵਾਂ ਆਗੂਆਂ ਨੇ ਪ੍ਰਸਤਾਵਿਤ ਫ੍ਰੀ ਟ੍ਰੇਡ ਐਗਰੀਮੈਂਟ ਲਈ ਚੱਲ ਰਹੀ ਗੱਲਬਾਤ 'ਤੇ ਵਿਸਥਾਰਪੂਰਵਕ ਚਰਚਾ ਕੀਤੀ। ਇਹ ਬੈਠਕ ਦੋਵਾਂ ਦੇਸ਼ਾਂ ਲਈ ਬੇਹੱਦ ਅਹਿਮ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਇਸ ਸਾਲ ਦੇ ਅੰਤ ਤੱਕ ਇਸ ਵਪਾਰਕ ਸਮਝੌਤੇ ਨੂੰ ਮੁਕੰਮਲ ਕਰਨ ਦਾ ਟੀਚਾ ਰੱਖ ਰਹੇ ਹਨ।
ਮੰਤਰੀ ਮਨਿੰਦਰ ਸਿੱਧੂ ਅਤੇ ਗੋਇਲ ਮੁਤਾਬਕ, ਦੋਵਾਂ ਪੱਖਾਂ ਨੇ ਜਲਦ ਤੋਂ ਜਲਦ Comprehensive Economic Partnership Agreement ਨੂੰ ਅੰਤਿਮ ਰੂਪ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ, ਜਿਸ ਨਾਲ ਦੋਹਾਂ ਮੁਲਕਾਂ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਲਈ ਵਸਤੂਆਂ, ਸੇਵਾਵਾਂ ਅਤੇ ਨਿਵੇਸ਼ ਦੇ ਖੇਤਰ ਵਿਚ ਨਵੇਂ ਰਾਹ ਖੁੱਲ੍ਹਣਗੇ। ਜ਼ਿਕਰਯੋਗ ਹੈ ਕਿ ਇਸੇ ਹਫ਼ਤੇ ਦੋਵਾਂ ਦੇਸ਼ਾਂ ਦੇ ਮੁੱਖ ਵਾਰਤਾਕਾਰ ਵਿਚਕਾਰ ਚੌਥੇ ਦੌਰ ਦੀ ਅਹਿਮ ਵਾਰਤਾ ਵੀ ਮੁਕੰਮਲ ਹੋਈ ਹੈ।
ਸਿੱਧੂ ਆਪਣੀ ਇਸ ਦੋ ਦਿਨਾਂ ਭਾਰਤ ਫੇਰੀ ਦੌਰਾਨ ਭਾਰਤ ਦੇ ਵੱਡੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਨਾਲ ਵੀ ਮੁਲਾਕਾਤ ਕਰਨਗੇ। ਦੱਸ ਦੇਈਏ ਕਿ ਭਾਰਤ ਮੁੱਖ ਤੌਰ 'ਤੇ ਕੈਨੇਡਾ ਨੂੰ ਦਵਾਈਆਂ, ਲੋਹਾ ਤੇ ਸਟੀਲ, ਸਮੁੰਦਰੀ ਭੋਜਨ, ਕੱਪੜੇ ਅਤੇ ਇਲੈਕਟ੍ਰੌਨਿਕ ਸਾਮਾਨ ਐਕਸਪੋਰਟ ਕਰਦਾ ਹੈ, ਜਦੋਂ ਕਿ ਕੈਨੇਡਾ ਤੋਂ ਦਾਲਾਂ,ਖਾਦਾਂ, ਕਾਗਜ਼ ਅਤੇ ਕੱਚਾ ਤੇਲ ਵਰਗੀਆਂ ਚੀਜ਼ਾਂ ਦੀ ਦਰਾਮਦ ਕੀਤੀ ਜਾਂਦੀ ਹੈ।




