Oct 31, 2025 1:39 PM - Connect Newsroom

ਕੈਨੇਡਾ ਦੀ ਆਰਥਿਕਤਾ ਵਿਚ ਅਗਸਤ ਵਿਚ 0.3 ਫੀਸਦੀ ਦੀ ਗਿਰਾਵਟ ਆਈ ਹੈ ਅਤੇ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸ਼ੁਰੂਆਤੀ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਤੀਜੇ ਕੁਆਰਟਰ ਵਿਚ ਆਰਥਿਕਤਾ ਮੁਸ਼ਕਿਲ ਨਾਲ ਕੋਈ ਵਾਧਾ ਦਰਜ ਕਰੇਗੀ,ਹਾਲਾਂਕਿ,ਉੱਨਤ ਅਨੁਮਾਨ ਦੱਸਦੇ ਹਨ ਕਿ ਤੀਜੇ ਕੁਆਰਟਰ ਵਿਚ ਹਲਕੀ ਗ੍ਰੋਥ ਨਾਲ ਕੈਨੇਡਾ ਮੰਦੀ ਵਿਚ ਦਾਖ਼ਲ ਹੋਣ ਤੋਂ ਬਚ ਸਕਦਾ ਹੈ।
ਸਟੈਟਿਸਟਿਕਸ ਕੈਨੇਡਾ ਮੁਤਾਬਕ,ਅਮਰੀਕੀ ਟੈਰਿਫ ਕਾਰਨ ਕੈਨੇਡੀਅਨ ਅਰਥਵਿਵਸਥਾ 'ਤੇ ਅਸਰ ਪਿਆ ਹੈ। ਇਹ ਪੰਜ ਮਹੀਨਿਆਂ ਵਿਚ ਚੌਥੀ ਮਹੀਨਾਵਾਰ ਗਿਰਾਵਟ ਹੈ ਅਤੇ ਅਜਿਹਾ ਸਰਵਿਸ ਅਤੇ ਗੁੱਡ ਸੈਕਟਰ ਦੋਵਾਂ ਦੇ ਉਤਪਾਦਨ ਵਿਚ ਗਿਰਾਵਟ ਕਾਰਨ ਹੋਇਆ। ਏਜੰਸੀ ਨੇ ਕਿਹਾ ਕਿ ਸਤੰਬਰ ਵਿਚ ਮਾਸਿਕ ਜੀ.ਡੀ.ਪੀ.0.1 ਫੀਸਦੀ ਵਧਣ ਦੀ ਸੰਭਾਵਨਾ ਹੈ,ਜਿਸ ਨਾਲ ਤੀਜੇ ਕੁਆਰਟਰ ਦੀ ਕੁੱਲ ਸਾਲਾਨਾ ਵਿਕਾਸ ਦਰ 0.4 ਫੀਸਦੀ ਰਹਿਣ ਦੀ ਉਮੀਦ ਹੈ,ਜੋ ਬੈਂਕ ਔਫ ਕੈਨੇਡਾ ਦੇ ਅਨੁਮਾਨ ਤੋਂ ਖੁੰਝ ਜਾਵੇਗੀ।
ਸੈਂਟਰਲ ਬੈਂਕ ਨੇ ਇਸ ਹਫ਼ਤੇ ਕਿਹਾ ਸੀ ਕਿ ਉਸ ਨੂੰ ਤੀਜੀ ਤਿਮਾਹੀ ਦੀ ਸਾਲਾਨਾ ਜੀ.ਡੀ.ਪੀ.0.5 ਫੀਸਦੀ ਰਹਿਣ ਦੀ ਸੰਭਾਵਨਾ ਹੈ। ਗੌਰਤਲਬ ਹੈ ਕਿ ਲਗਾਤਾਰ ਦੋ ਕੁਆਰਟਰ ਵਿਚ ਗਿਰਾਵਟ ਨੂੰ ਮੰਦੀ ਮੰਨਿਆ ਜਾਂਦਾ ਹੈ। ਸੈਕਿੰਡ ਕੁਆਰਟਰ ਵਿਚ ਕੈਨੇਡਾ ਦੀ ਜੀ.ਡੀ.ਪੀ.ਇੱਕ ਵਾਰ 1.6 ਫੀਸਦੀ ਗਿਰਾਵਟ ਦਾ ਸਾਹਮਣਾ ਕਰ ਚੁੱਕੀ ਹੈ।




