Sep 15, 2026 3:02 PM - Connect Newsroom - Ramandeep Kaur with files from The Canadian Press

ਕੈਨੇਡਾ-ਅਮਰੀਕਾ ਟਰੇਡ ਵਾਰ ਦੇ ਤਣਾਅਪੂਰਨ ਮਾਹੌਲ ਦਰਮਿਆਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟੋਰੌਂਟੋ ਵਿਖੇ ਇਨਵੈਸਟਮੈਂਟ ਸਮਿਟ ਦੌਰਾਨ ਆਪਣੇ ਪ੍ਰਮੁੱਖ ਭਾਸ਼ਣ ਵਿਚ ਅਮਰੀਕਾ ਨੂੰ ਦੋਸਤ ਕਹਿ ਕੇ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਹਮੇਸ਼ਾ ਗੁਆਂਢੀ ਰਹਿਣਗੇ ਅਤੇ ਕੈਨੇਡਾ ਕਈ ਅਹਿਮ ਖੇਤਰਾਂ ਵਿਚ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਹਿੱਸੇਦਾਰ ਬਣਿਆ ਰਹੇਗਾ।
ਉਨ੍ਹਾਂ ਕਿਹਾ ਕਿ ਭਾਵੇਂ ਅਤੀਤ ਵਿਚ ਦੋਵਾਂ ਦੇਸ਼ਾਂ ਵਿਚਾਲੇ ਕਈ ਮਤਭੇਦ ਰਹੇ ਹਨ ਫਿਰ ਵੀ ਆਪਸੀ ਸਬੰਧ ਹਮੇਸ਼ਾ ਗੂੜ੍ਹੇ ਰਹੇ ਪਰ ਇਹ ਰਿਸ਼ਤਾ ਉਦੋਂ ਹੀ ਸਹੀ ਤਰੀਕੇ ਨਾਲ ਕੰਮ ਕਰਦਾ ਹੈ ਜਦੋਂ ਆਪਸੀ ਵਿਸ਼ਵਾਸ ਹੋਵੇ ਅਤੇ ਇੱਕ-ਦੂਜੇ ਦੇ ਪਰੰਪਰਾਵਾਂ ਅਤੇ sovereignty ਦਾ ਸਤਿਕਾਰ ਕੀਤਾ ਜਾਵੇ। ਕਾਰਨੀ ਨੇ ਉਮੀਦ ਜਤਾਈ ਕਿ ਜਦੋਂ ਵੀ ਭਵਿੱਖ ਵਿਚ ਸੁਖਾਵੇਂ ਮੌਕੇ ਫਿਰ ਪਰਤਣਗੇ ਤਾਂ ਕੈਨੇਡਾ ਅਮਰੀਕਾ ਦੇ ਨਾਲ ਹੋਰ ਵੀ ਮਜ਼ਬੂਤ ਭਾਈਵਾਲ ਵਜੋਂ ਖੜ੍ਹਾ ਨਜ਼ਰ ਆਵੇਗਾ।
ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨੇ ਅਮਰੀਕਾ ਦਾ ਜ਼ਿਕਰ ਉਸ ਸਮੇਂ ਕੀਤਾ ਜਦੋਂ ਟਰੰਪ ਵਲੋਂ ਲਗਾਇਆ ਨਵਾਂ 50 ਫੀਸਦੀ ਟੈਰਿਫ ਅੱਜ ਕਈ ਚੀਜ਼ਾਂ 'ਤੇ ਪ੍ਰਭਾਵੀ ਹੋਇਆ ਹੈ ਅਤੇ 29 ਸਤੰਬਰ ਤੋਂ ਕੈਨੇਡੀਅਨ ਸ਼ਰਾਬ, ਮੋਟਰਸਾਈਕਲ ਅਤੇ ਕੁਝ ਡੇਅਰੀ ਉਤਪਾਦ ਦੇ ਅਮਰੀਕਾ ਵਿਚ ਦਾਖ਼ਲ ਹੋਣ 'ਤੇ ਪਾਬੰਦੀ ਵੀ ਲਾਗੂ ਹੋਣ ਵਾਲੀ ਹੈ।




