Sep 15, 2026 1:54 PM - Connect Newsroom - Ramandeep Kaur with files from The Canadian Press

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਦੇਸ਼ ਦੇ 4 ਹਵਾਈ ਅੱਡਿਆਂ ਵਿਚ ਨਿੱਜੀ ਅਤੇ ਵਿਦੇਸ਼ੀ ਨਿਵੇਸ਼ ਦੇ ਰਾਹ ਖੋਲ੍ਹਣ ਲਈ ਮੰਗਲਵਾਰ ਨੂੰ ਅਗਲੇ ਕਦਮਾਂ ਦਾ ਰਸਮੀ ਐਲਾਨ ਕਰ ਸਕਦੀ ਹੈ। ਰਿਪੋਰਟਸ ਮੁਤਾਬਕ, ਹਵਾਈ ਅੱਡਿਆਂ ਵਿਚ ਨਿੱਜੀ ਨਿਵੇਸ਼ ਬਾਰੇ ਚਰਚਾ ਕਰਨ ਲਈ ਕੱਲ੍ਹ ਰਾਤ ਲਿਬਰਲ ਪਾਰਟੀ ਦੀ ਇੱਕ ਵਿਸ਼ੇਸ਼ ਕਾਕਸ ਮੀਟਿੰਗ ਹੋਈ ਹੈ।
ਸੂਤਰਾਂ ਮੁਤਾਬਕ, ਸਰਕਾਰ ਵੈਨਕੂਵਰ, ਕੈਲਗਰੀ, ਟੋਰੌਂਟੋ-ਪੀਅਰਸਨ ਅਤੇ ਮਾਂਟਰੀਅਲ-ਟਰੂਡੋ ਵਰਗੇ ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡਿਆਂ ਵਿਚ ਵਿਦੇਸ਼ੀ ਜਾਂ ਹੋਰ ਨਿੱਜੀ ਨਿਵੇਸ਼ਕਾਂ ਨੂੰ ਹਿੱਸੇਦਾਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਰੂਪ-ਰੇਖਾ ਪੇਸ਼ ਕਰੇਗੀ। ਮੌਜੂਦਾ ਸਮੇਂ ਇਨ੍ਹਾਂ ਹਵਾਈ ਅੱਡਿਆਂ ਦਾ ਪ੍ਰਬੰਧ ਲੰਬੇ ਸਮੇਂ ਦੀ ਲੀਜ਼ ਰਾਹੀਂ not-for-profit airport authorities ਵਲੋਂ ਸੰਭਾਲਿਆ ਜਾਂਦਾ ਹੈ।
ਸਾਲ 2025 ਦੇ ਫੈਡਰਲ ਬਜਟ ਅਤੇ spring economic ਅਪਡੇਟ ਵਿਚ ਹੀ ਸਰਕਾਰ ਨੇ ਹਵਾਈ ਅੱਡਿਆਂ ਦੇ ਨਿੱਜੀਕਰਨ ਦੇ ਸੰਕੇਤ ਦਿੱਤੇ ਸਨ। ਰਿਪੋਰਟਸ ਮੁਤਾਬਕ, ਵਿਦੇਸ਼ੀ ਨਿਵੇਸ਼ ਜਾਂ ਨਿੱਜੀ ਨਿਵੇਸ਼ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਇਸੇ ਸਾਲ ਫਾਲ ਵਿਚ ਨਵਾਂ ਕਾਨੂੰਨ ਲਿਆਉਣ ਦੀ ਉਮੀਦ ਹੈ।




