Dec 4, 2025 5:36 PM - Connect Newsroom - Jasmine Singh with files from The Canadian Press

ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀ.ਸੀ.ਵਿਚ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਨਾਲ ਇੱਕ ਛੋਟੀ ਮੁਲਾਕਾਤ ਕਰਨਗੇ। ਇਹ ਮੀਟਿੰਗ ਫੀਫਾ ਵਿਸ਼ਵ ਕੱਪ ਡਰਾਅ ਦੇ ਈਵੈਂਟ ਮੌਕੇ ਹੋਵੇਗੀ, ਜਿੱਥੇ ਕੈਨੇਡੀਅਨ, ਅਮਰੀਕੀ ਅਤੇ ਮੈਕਸੀਕਨ ਲੀਡਰ 2026 ਦੇ ਵਿਸ਼ਵ ਕੱਪ ਦੇ ਸਹਿ-ਮੇਜ਼ਬਾਨਾਂ ਵਜੋਂ ਇਕੱਠੇ ਹੋ ਰਹੇ ਹਨ।
ਹਾਲਾਂਕਿ, ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਇਸ ਦੌਰੇ ਦਾ ਮੁੱਖ ਫੋਕਸ ਵਿਸ਼ਵ ਕੱਪ ਦੀ ਸੈਰੇਮਨੀ ਹੈ ਪਰ ਥੋੜ੍ਹੇ ਸਮੇਂ ਲਈ ਹੋਣ ਵਾਲੀ ਮੁਲਾਕਾਤ ਮਹੱਤਵਪੂਰਨ ਮੰਨੀ ਜਾ ਰਹੀ ਹੈ ਕਿਉਂਕਿ ਕੈਨੇਡਾ-ਅਮਰੀਕਾ-ਮੈਕਸੀਕੋ ਸਮਝੌਤਾ ਜਿਸ ਨੂੰ CUSMA ਜਾਂ USMCA ਕਿਹਾ ਜਾਂਦਾ ਹੈ ਉਸ ਦਾ 2026 ਵਿਚ ਹੋਣ ਵਾਲੇ ਰਿਵਿਊ ਦਾ ਸਮਾਂ ਨੇੜੇ ਆ ਰਿਹਾ ਹੈ ਅਤੇ ਟਰੰਪ ਪ੍ਰਸ਼ਾਸਨ ਵਲੋਂ ਇਸ ਸਮਝੌਤੇ ਤੋਂ ਹਟਣ ਦੇ ਸੰਕਤ ਦਿੱਤੇ ਗਏ ਹਨ।
CUSMA ਵਿਵਸਥਾ ਤਹਿਤ ਮੌਜੂਦਾ ਸਮੇਂ ਕੈਨੇਡਾ ਦਾ ਅਮਰੀਕਾ ਨੂੰ ਹੋਣ ਵਾਲਾ ਲਗਭਗ 85 ਤੋਂ 86 ਫੀਸਦੀ ਐਕਸਪੋਰਟ ਟੈਰਿਫ ਫ੍ਰੀ ਹੈ। U.S. Trade Representative Jamieson Greer ਮੁਤਾਬਕ, ਅਮਰੀਕਾ ਇਸ ਦੀ ਬਜਾਏ ਕੈਨੇਡਾ ਅਤੇ ਮੈਕਸੀਕੋ ਨਾਲ ਵੱਖਰੇ ਤੌਰ 'ਤੇ ਵਪਾਰ ਡੀਲ ਲਈ ਗੱਲਬਾਤ ਕਰ ਸਕਦਾ ਹੈ। ਅਮਰੀਕਾ ਦੀ ਇਸ ਧਮਕੀ ਨੂੰ ਟ੍ਰੇਡ ਡੀਲ ਲਈ ਦਬਾਅ ਪਾਉਣ ਵਾਸਤੇ ਕਦਮ ਮੰਨਿਆ ਜਾ ਰਿਹਾ ਹੈ।
ਜੇ ਅਮਰੀਕਾ ਅਗਲੇ ਸਾਲ ਇਸ ਤਿੰਨ ਪੱਖੀ ਟ੍ਰੇਡ ਡੀਲ ਤੋਂ ਪਿੱਛੇ ਹਟਦਾ ਹੈ ਤਾਂ ਕੈਨੇਡਾ ਲਈ ਆਰਥਿਕ ਅਨਿਸ਼ਚਿਤਤਾ ਪੈਦਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣ ਤੱਕ CUSMA ਨੂੰ ਕੈਨੇਡਾ ਲਈ ਇੱਕ ਵੱਡੇ ਫਾਇਦੇ ਦੇ ਰੂਪ ਵਿਚ ਪੇਸ਼ ਕਰਦੇ ਆਏ ਹਨ।




