Jun 19, 2025 4:20 PM - The Canadian Press

ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਵੱਡੀਆਂ ਤਕਨੀਕੀ ਕੰਪਨੀਆਂ 'ਤੇ ਡਿਜੀਟਲ ਸਰਵਿਸਿਜ਼ ਟੈਕਸ ਲਗਾਉਣ ਜਾ ਰਹੀ ਹੈ ਅਤੇ ਇਹ 30 ਜੂਨ ਤੋਂ ਲਾਗੂ ਹੋਵੇਗਾ। ਕਾਰਨੀ ਸਰਕਾਰ ਦਾ ਇਹ ਫੈਸਲਾ ਅਮਰੀਕਾ ਨਾਲ ਚੱਲ ਰਹੀ ਵਪਾਰ ਵਾਰਤਾ ਵਿਚਕਾਰ ਆਇਆ ਹੈ। ਸ਼ੈਂਪੇਨ ਨੇ ਕਿਹਾ ਕਿ ਕੈਨੇਡਾ ਡਿਜੀਟਲ ਸਰਵਿਸ ਟੈਕਸ ਨੂੰ ਨਹੀਂ ਰੋਕੇਗਾ।
ਗੌਰਤਲਬ ਹੈ ਕਿ ਕੈਨੇਡੀਅਨ, ਅਮਰੀਕੀ ਕਾਰੋਬਾਰੀ ਸਮੂਹ ਤੇ ਅਮਰੀਕੀ ਤਕਨਾਲੋਜੀ ਕੰਪਨੀਆਂ ਦੇ ਨੁਮਾਇੰਦਗੀ ਕਰਨ ਵਾਲੇ ਸੰਗਠਨ ਔਟਵਾ ਤੋਂ ਡਿਜੀਟਲ ਸਰਵਿਸ ਟੈਕਸ ਨੂੰ ਰੋਕਣ ਜਾਂ ਰੱਦ ਕਰਨ ਦੀ ਮੰਗ ਕਰ ਰਹੇ ਸਨ।
ਕੈਨੇਡੀਅਨ ਚੈਂਬਰ ਆਫ਼ ਕਾਮਰਸ ਦਾ ਵੀ ਕਹਿਣਾ ਸੀ ਕਿ ਅਮਰੀਕਾ ਦੇ ਜਵਾਬੀ ਕਦਮ ਨਾਲ ਕੈਨੇਡੀਅਨਾਂ ਦੇ ਪੈਨਸ਼ਨ ਫੰਡ ਅਤੇ ਨਿਵੇਸ਼ 'ਤੇ ਅਸਰ ਪੈ ਸਕਦਾ ਹੈ।
ਇਨ੍ਹਾਂ ਸਮੂਹ ਨੇ ਸ਼ੁੱਕਰਵਾਰ ਨੂੰ ਜਨਤਕ ਪੱਤਰ ਵਿਚ ਚਿਤਾਵਨੀ ਦਿੱਤੀ ਸੀ ਕਿ ਟਰੰਪ ਦੇ ਹਾਲ ਵਿਚ ਪੇਸ਼ "ਬਿੱਗ ਬਿਊਟੀਫੁਲ" ਬਿੱਲ਼ ਦੇ ਇੱਕ ਹਿੱਸੇ ਵਿਚ ਇਹ ਗੱਲ ਕਹੀ ਗਈ ਹੈ ਕਿ ਅਮਰੀਕੀ ਕੰਪਨੀਆਂ 'ਤੇ ਟੈਕਸ ਲਗਾਉਣ ਵਾਲੇ ਮੁਲਕਾਂ ਦੀਆਂ ਕੰਪਨੀਆਂ 'ਤੇ ਜਵਾਬੀ ਟੈਕਸ ਵੱਧ ਸਕਦਾ ਹੈ।




