Aug 27, 2024 3:36 PM - The Associated Press

ਚੀਨ ਨੇ ਪੀ. ਐੱਮ. ਜਸਟਿਨ ਟਰੂਡੋ ਵਲੋਂ ਚੀਨ ਦੇ ਬਣੇ ਇਲੈਕਟ੍ਰਿਕ ਵਾਹਨਾਂ ’ਤੇ 100 ਫੀਸਦੀ ਟੈਰਿਫ ਲਗਾਏ ਜਾਣ ਦੀ ਘੋਸ਼ਣਾ ਦਾ ਸਖ਼ਤ ਵਿਰੋਧ ਕੀਤਾ ਹੈ। ਚੀਨ ਵਣਜ ਮੰਤਰਾਲੇ ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ਵਿਚ ਕਿਹਾ ਕਿ ਇਸ ਤਰ੍ਹਾਂ ਦੇ ਟੈਰਿਫ ਨਾਲ ਨਾ ਸਿਰਫ ਗਲੋਬਲ ਉਦਯੋਗਿਕ ਤੇ ਸਪਲਾਈ ਚੇਨ ਪ੍ਰਭਾਵਿਤ ਹੋਣਗੇ ਸਗੋਂ ਚੀਨ ਕੈਨੇਡਾ ਦੇ ਆਰਥਿਕ ਅਤੇ ਵਪਾਰਕ ਸਬੰਧਾਂ ਨੂੰ ਵੀ ਗੰਭੀਰ ਨੁਕਸਾਨ ਪਹੁੰਚੇਗਾ, ਜਿਸ ਦਾ ਖਮਿਆਜਾ ਦੋਵੇਂ ਮੁਲਕਾਂ ਦੇ ਉਦਯੋਗਾਂ ਨੂੰ ਭੁਗਤਣਾ ਪਵੇਗਾ।
ਚੀਨ ਨੇ ਕਿਹਾ ਕਿ ਇਹ ਖੁੱਲ੍ਹੇਆਮ ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੀ ਉਲੰਘਣਾ ਹੈ। ਚੀਨ ਵਣਜ ਮੰਤਰਾਲੇ ਨੇ ਕਿਹਾ ਕਿ ਉਹ ਕੈਨੇਡਾ ਨੂੰ ਤੁਰੰਤ ਇਸ ਗਲਤ ਕਦਮ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਨ, ਨਹੀਂ ਤਾਂ ਬੀਜਿੰਗ ਵੀ ਜਵਾਬੀ ਕਾਰਵਾਈ ਕਰ ਸਕਦਾ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਕਿਹਾ ਕਿ ਸਾਡੀ ਕੈਨੇਡਾ ਨੂੰ ਗੁਜ਼ਾਰਿਸ਼ ਹੈ ਕਿ ਆਰਥਿਕ ਅਤੇ ਵਪਾਰਕ ਮੁੱਦਿਆਂ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ।
ਗੌਰਤਲਬ ਹੈ ਕਿ ਫਿਲਹਾਲ ਕੋਈ ਚੀਨੀ ਕਾਰ ਬਰੈਂਡ ਕੈਨੇਡਾ ਵਿਚ ਨਹੀਂ ਹੈ ਪਰ ਬੀ.ਵਾਈ.ਡੀ. ਪਿਛਲੇ ਸਪਰਿੰਗ ਵਿਚ ਇੱਥੇ ਇੱਕ ਕਾਰਪੋਰੇਟ ਇਕਾਈ ਸਥਾਪਤ ਕੀਤੀ ਹੈ ਤੇ ਸੰਕੇਤ ਦਿੱਤਾ ਹੈ ਕਿ ਉਹ ਅਗਲੇ ਸਾਲ ਤੱਕ ਕੈਨੇਡੀਅਨ ਮਾਰਕਿਟ ਵਿਚ ਦਾਖ਼ਲ ਹੋ ਸਕਦੀ ਹੈ।




