May 23, 2024 5:07 PM - Connect Newsroom

ਪੰਜਾਬ ਵਿਚ ਅੱਜ ਆਪਣੀ ਪਹਿਲੀ ਚੋਣ ਰੈਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ-ਪਾਕਿਸਤਾਨ ਦੀ ਵੰਡ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ 70 ਸਾਲਾਂ ਤੱਕ ਸ੍ਰੀ ਕਰਤਾਰ ਸਾਹਿਬ ਨੂੰ ਦੂਰਬੀਨ ਜ਼ਰੀਏ ਦੇਖਣਾ ਪਿਆ। ਸੰਬੋਧਨ ਦੌਰਾਨ ਪੀ ਐੱਮ ਮੋਦੀ ਨੇ ਇਲਜ਼ਾਮ ਲਗਾਇਆ ਕਿ ਸੱਤਾ ਦੇ ਲਾਲਚ ’ਚ ਕਾਂਗਰਸ ਨੇ ਦੇਸ਼ ਦੀ ਵੰਡ ਕੀਤੀ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਅਜਿਹੇ ਵੰਡ ਕੀਤੀ ਕਿ ਭਾਰਤ ਦਾ (ਪੰਜਾਬ ਦਾ) ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ‘ਚ ਰਹਿ ਗਿਆ। ਉਨ੍ਹਾਂ ਕਿਹਾ ਕਿ 1971 ਵਿਚ ਭਾਰਤ-ਪਾਕਿਸਤਾਨ ਦੀ ਜੰਗ ਹੋਈ, ਜਿਸ ਵਿਚ 90,000 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਨੇ ਆਤਮ ਸਮਰਪਣ ਕੀਤਾ ਅਤੇ ਜੇ ਉਹ ਸੱਤਾ ਵਿਚ ਹੁੰਦੇ ਤਾਂ ਪਾਕਿਸਤਾਨੀ ਸੈਨਿਕਾਂ ਨੂੰ ਛੱਡਣ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਲੈ ਲੈਂਦੇ। ਇਸ ਦੌਰਾਨ ਉਹ ਰਾਮ ਮੰਦਰ ਨੂੰ ਲੈ ਕੇ ਵੀ ਕਾਂਗਰਸ ’ਤੇ ਵਰ੍ਹੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਤੁਰੰਤ ਬਾਅਦ ਹੀ ਅਯੋਧਿਆ ਵਿਚ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਇਸ ਲਈ ਕੁਝ ਨਹੀਂ ਕੀਤਾ। ਉਥੇ ਹੀ, ਮਨਪ੍ਰੀਤ ਬਾਦਲ ਨੇ ਵੀ ਰੈਲੀ ਵਿਚ ਸ਼ਿਰਕਤ ਕੀਤੀ ਪਰ ਕੈਪਟਨ ਅਮਰਿੰਦਰ ਸਿੰਘ ਜੋ ਦੋ ਸਾਲ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ ਸਨ, ਸਿਹਤ ਸਬੰਧੀ ਸਮੱਸਿਆਵਾਂ ਕਾਰਨ ਪ੍ਰਧਾਨ ਮੰਤਰੀ ਦੀ ਪਟਿਆਲਾ ਰੈਲੀ ਵਿੱਚ ਸ਼ਾਮਲ ਨਹੀਂ ਹੋਏ।




