Jun 17, 2024 7:20 PM - The Canadian Press

ਬ੍ਰਿਟਿਸ਼ ਕੋਲੰਬੀਆ ਵਿਚ ਕਈ ਦਿਨਾਂ ਦੇ ਘੱਟ ਤਾਪਮਾਨ ਦੇ ਬਾਅਦ ਇਸ ਹਫਤੇ ਸੂਰਜ ਦੀ ਤਪਸ਼ ਵਧਣ ਵਾਲੀ ਹੈ। ਇਨਵਾਇਰਮੈਂਟ ਕੈਨੇਡਾ ਮੁਤਾਬਕ ਦੋ ਕਮਿਊਨੀਟੀਜ਼ ਵਿਚ ਐਤਵਾਰ ਆਮ ਨਾਲੋਂ ਰਿਕਾਰਡ ਤੋੜ ਘੱਟ ਤਾਪਮਾਨ ਦਰਜ ਕੀਤਾ ਗਿਆ।
ਬੇਲਾ ਬੇਲਾ ਵਿਚ 16 ਜੂਨ ਨੂੰ ਤਾਪਮਾਨ 3.9 ਡਿਗਰੀ ਦਰਜ ਕੀਤਾ ਗਿਆ ਜੋ 2014 ਵਿਚ 4 ਡਿਗਰੀ ਸੈਲਸੀਅਸ ਰਿਹਾ ਸੀ। ਇਸੇ ਦੌਰਾਨ ਐਤਵਾਰ ਟ੍ਰੇਲ ਵਿਚ ਤਾਪਮਾਨ ਡਿਗ ਕੇ 4 ਡਿਗਰੀ ਸੈਲਸੀਅਸ ਰਿਹਾ ਜੋ ਕਿ 1954 ਦਾ ਰਿਕਾਰਡ ਤੋੜ ਗਿਆ, ਉਦੋਂ ਤਾਪਮਾਨ 4.4 ਡਿਗਰੀ ਸੀ।
ਮੌਸਮ ਏਜੰਸੀ ਮੁਤਾਬਕ 9 ਹੋਰ ਭਾਈਚਾਰਿਆਂ ਵਿਚ ਵੀ ਰੋਜ਼ਾਨਾ ਦਾ ਘੱਟੋ-ਘੱਟ ਤਾਪਮਾਨ ਰਿਕਾਰਡ ਹੋਇਆ ਹੈ। ਓਕਾਨਾਗਨ ਵਿਚ ਵੀ ਪਿਛਲੇ ਕਈ ਰਿਕਾਰਡ ਟੁੱਟੇ ਹਨ। ਕਾਮਲੂਪਸ , ਕੇਲੋਨਾ ਦੇ ਕੁਝ ਇਲਾਕੇ, ਲਿਟਨ ਸਪਾਰਵੁੱਡ ਅਤੇ ਸਮਰਲੈਂਡ ਖ਼ੇਤਰ ਵਿਚ ਵੀ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਤਾਪਮਾਨ ਦਰਜ ਕੀਤਾ ਗਿਆ।
ਇਸ ਸਭ ਦੇ ਬਾਵਜੂਦ ਹੁਣ ਤਾਪਮਾਨ ਵਧਣ ਵਾਲਾ ਹੈ, ਵੈਨਕੂਵਰ ਸਣੇ ਕਈ ਇਲਾਕਿਆਂ ਵਿਚ ਤਾਪਮਾਨ 19 ਡਿਗਰੀ ਸੈਲਸੀਅਸ ਤੋਂ 21 ਡਿਗਰੀ ਤੱਕ ਜਾ ਸਕਦਾ ਹੈ। ਕੇਲੋਨਾ ਅਤੇ ਪੇਂਟਿਕਟਨ ਵਿਚ ਸ਼ਨੀਵਾਰ ਤੱਕ ਪਾਰਾ 31 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ।




