Jul 15, 2024 7:17 PM - The Canadian Press

ਯੂਨੀਵਰਸਿਟੀ ਆਫ਼ ਬਿ੍ਰਟਿਸ਼ ਕੋਲੰਬੀਆ ਵਲੋਂ ਟਰੰਪ ’ਤੇ ਹਮਲੇ ਤੋਂ ਬਾਅਦ ਇਕ ਪ੍ਰੋਫੈਸਰ ਦੀ ਮੀਡੀਆ ਪੋਸਟ ਬਾਰੇ ਜਾਂਚ ਕੀਤੀ ਜਾ ਰਹੀ ਹੈ। ਅਸਲ ਵਿਚ ਬ੍ਰਿਟਿਸ਼ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਦੀ ਪ੍ਰੋਫੈਸਰ ਡਾ. ਕੈਰਨ ਪਿੰਦਰ ਵਲੋਂ ਇਸ ਵੀਕੈਂਡ ਸੋਸ਼ਲ ਮੀਡੀਆ ’ਤੇ ਕੀਤੀ ਇਕ ਪੋਸਟ ਨੇ ਲੋਕਾਂ ਵਿਚ ਰੋਸ ਪੈਦਾ ਕਰ ਦਿੱਤਾ ਹੈ ਜਿਸ ਵਿਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਰਿਪਬਲਿਕਨ ਪਾਰਟੀ ਦੇ ਸੰਭਾਵਿਤ ਉਮੀਦਵਾਰ ਡੋਨਾਲਡ ਟਰੰਪ ਦੀ ਕਤਲ ਦੀ ਕੋਸ਼ਿਸ਼ ਦੀ ਸ਼ਲਾਘਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਟਰੰਪ ਦੀ ਪੈਨਸਿਲਵੇਨੀਆ ਰੈਲੀ ਵਿਚ ਹਫੜਾ-ਦਫੜੀ ਤੋਂ ਕੁਝ ਘੰਟਿਆਂ ਬਾਅਦ ਪਿੰਦਰ ਨੇ ਐਕਸ ’ਤੇ ਇਸ ਨੂੰ ਇਸ ਕਤਲ ਦੀ ਕੋਸ਼ਿਸ਼ ਦੇ ਅਸਫਲ ਰਹਿਣ ਨੂੰ ਮਾੜਾ ਦੱਸਿਆ ਸੀ।
ਇਸ ਤੋਂ ਇਲਾਵਾ ਇਕ ਹੋਰ ਯੁਜ਼ਰ ਦੀ ਟਿੱਪਣੀ ’ਤੇ ਪਿੰਦਰ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਕਿੰਨਾ ਸ਼ਾਨਦਾਰ ਦਿਨ ਹੋ ਸਕਦਾ ਸੀ। ਫਰੇਜ਼ਰ ਵੈਲੀ ਯੂਨੀਵਰਸਿਟੀ ਵਿਚ ਰਾਜਨੀਤੀ ਵਿਗਿਆਨ ਦੇ ਐਸੋਸੀਏਟ ਪ੍ਰੋਫੈਸਰ ਹੈਮਿਸ਼ ਟੇਲਫੋਰਡ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਹਿੰਸਾ ਦਾ ਜਸ਼ਨ ਮਨਾਉਣਾ ਕਦੇ ਵੀ ਸਹੀ ਨਹੀਂ ਹੁੰਦਾ, ਚਾਹੇ ਕਿਸੇ ਰਾਜਨੀਤਿਕ ਸ਼ਖਸੀਅਤ ਨੂੰ ਕਿੰਨਾ ਵੀ ਨਾਪਸੰਦ ਕੀਤਾ ਜਾਵੇ।
ਦੂਜੇ ਪਾਸੇ ਇਸ ਮਾਮਲੇ ਵਿਚ ਬਿ੍ਰਟਿਸ਼ ਕੋਲੰਬੀਆ ਯੂਨੀਵਰਸਿਟੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਡਾ. ਪਿੰਦਰ ਦੀ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਯੂਨੀਵਰਸਿਟੀ ਵਿਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੁੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।




