Aug 19, 2024 6:34 PM - The Canadian Press

ਐਲਬਰਟਾ ਦੇ ਟਾਊਨ ਜੈਸਪਰ ਵਿਚ ਜੰਗਲੀ ਅੱਗ ਹੁਣ ਆਊਟ ਆਫ਼ ਕੰਟਰੋਲ ਦੀ ਸ਼੍ਰੇਣੀ ਵਿਚੋਂ ਹਟਾ ਦਿੱਤੀ ਗਈ ਹੈ, ਹਾਲਾਂਕਿ ਅੱਗ ਅਜੇ ਵੀ ਬਲ ਰਹੀ ਹੈ। ਪਾਰਕਸ ਕੈਨੇਡਾ ਮੁਤਾਬਕ ਇਸ ਅੱਗ ਨੇ ਜੈਸਪਰ ਟਾਊਨ ਦੀਆਂ ਇਕ-ਤਿਹਾਈ ਬਿਲਡਿੰਗਜ਼ ਨੂੰ ਬਰਬਾਦ ਕਰ ਦਿੱਤਾ ਹੈ। ਲੋਕਾਂ ਲਈ ਕਈ ਹਫਤਿਆਂ ਦੇ ਬਾਅਦ ਆਪਣੇ ਘਰ ਵਾਪਸ ਜਾਣਾ ਅਤੇ ਆਲੇ-ਦੁਆਲੇ ਹੋਈ ਬਰਬਾਦੀ ਦੇਖਣਾ ਬਹੁਤ ਭਾਵੁਕ ਸਮਾਂ ਰਿਹਾ।
ਤਕਰੀਬਨ 20 ਕੁ ਦਿਨ ਘਰਾਂ ਵਿਚੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਸ਼ੁੱਕਰਵਾਰ ਮੁੜ ਘਰ ਵਾਪਸੀ ਹੋਈ ਹੈ।ਹਾਲਾਂਕਿ ਧੂੰਏਂ ਕਾਰਨ ਇੱਥੇ ਲੋਕਾਂ ਨੂੰ ਰਹਿਣ ਵਿਚ ਮੁਸ਼ਕਿਲ ਹੋ ਸਕਦੀ ਹੈ। ਜੇਕਰ ਅੱਗ ਜਾਂ ਧੂੰਏਂ ਕਾਰਨ ਸਥਿਤੀ ਖ਼ਰਾਬ ਹੋਈ ਤਾਂ ਲੋਕਾਂ ਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਜਾ ਸਕਦਾ ਹੈ ਜਦਕਿ ਅੱਗ ਨੂੰ ਅਜੇ ਬਲ ਰਹੀ ਅੱਗ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਸੂਬੇ ਵਿਚ ਐਮਰਜੈਂਸੀ ਅਲਰਟ ਸਿਸਟਮ ਨੂੰ ਰੱਦ ਕਰ ਦਿੱਤਾ ਗਿਆ ਹੈ। ਅਜੇ ਨੈਸ਼ਨਲ ਪਾਰਕ ਨੂੰ ਬੰਦ ਰੱਖਿਆ ਜਾਵੇਗਾ। ਪਾਰਕਸ ਕੈਨੇਡਾ ਦੀ ਸਟੇਟਮੈਂਟ ਮੁਤਾਬਕ ਅੱਗ ਲੱਗੀ ਨੂੰ 27ਵਾਂ ਦਿਨ ਹੈ ਅਤੇ ਇਸ ਦੌਰਾਨ ਉਹ ਇਕ ਫਾਇਰ ਫਾਈਟਰ ਨੂੰ ਹਮੇਸ਼ਾ ਲਈ ਗੁਆ ਚੁੱਕੇ ਹਨ।




