Aug 31, 2026 5:53 PM - Connect Newsroom - Ramandeep Kaur with files from The Canadian Press

ਕੈਨੇਡਾ ਦਾ ਸੈਂਟਰਲ ਬੈਂਕ ਬੁੱਧਵਾਰ ਨੂੰ ਹੋਣ ਵਾਲੀ ਆਪਣੀ ਅਹਿਮ ਮੀਟਿੰਗ ਵਿਚ ਬੈਂਚਮਾਰਕ ਇੰਟਰਸਟ ਰੇਟ 2.25 ਫ਼ੀਸਦੀ 'ਤੇ ਸਥਿਰ ਰੱਖ ਸਕਦਾ ਹੈ, ਜੋ ਕਿ ਲਗਾਤਾਰ ਸੱਤਵੀਂ ਵਾਰ ਅਜਿਹਾ ਹੋਵੇਗਾ। ਵਿੱਤੀ ਬਾਜ਼ਾਰ ਅਤੇ ਆਰਥਿਕ ਮਾਹਰ ਦਾ ਮੰਨਣਾ ਹੈ ਕਿ ਬੈਂਕ ਔਫ ਕੈਨੇਡਾ ਫਿਲਹਾਲ ਮੌਜੂਦਾ ਚੱਲ ਰਹੇ ਹਾਲਤ 'ਤੇ ਨੇੜਿਓਂ ਨਜ਼ਰ ਰੱਖਣ ਦੀ ਪਾਲਿਸੀ ਅਪਣਾਏਗਾ।
ਹਾਲਾਂਕਿ, ਟਰੇਡ ਵਾਰ ਕਾਰਨ ਬਾਜ਼ਾਰ ਵਿਚ ਇਹ ਚਰਚਾ ਵੀ ਤੇਜ਼ ਹੋ ਗਈ ਹੈ ਕਿ ਆਉਣ ਵਾਲੇ ਸਾਲ ਵਿਚ ਵਿਆਜ ਦਰਾਂ ਵਿਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ। ਡੇਸਜਾਰਡਿਨਜ਼ ਦੇ ਮੈਕਰੋ ਰਣਨੀਤੀ ਦੇ ਮੁਖੀ ਰਾਇਸ ਮੈਂਡੇਜ਼ ਸਮੇਤ ਕਈ ਮਾਹਰਾਂ ਮੁਤਾਬਕ ਟੈਰਿਫ ਵਾਰ ਕਾਰਨ ਵਧਣ ਵਾਲੀ ਮਹਿੰਗਾਈ ਨੂੰ ਕਾਬੂ ਕਰਨ ਲਈ ਬੈਂਕ ਨੂੰ 2027 ਵਿਚ ਬੈਂਚਮਾਰਕ ਇੰਟਰਸਟ ਰੇਟ ਵਧਾ ਕੇ 2.75 ਫ਼ੀਸਦੀ ਕਰਨਾ ਪੈ ਸਕਦਾ ਹੈ।
ਉਥੇ ਹੀ, ਆਰ.ਬੀ.ਸੀ. ਦੇ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਅਮਰੀਕਾ ਦੇ ਮੌਜੂਦਾ ਟੈਰਿਫਸ ਅਤੇ ਕੈਨੇਡਾ ਦੇ ਜਵਾਬੀ ਟੈਰਿਫਸ ਅਜੇ ਕੈਨੇਡੀਅਨ ਅਰਥਚਾਰੇ ਲਈ ਕੋਈ ਵੱਡਾ ਰਿਸਕ ਨਹੀਂ ਹਨ ਪਰ ਜੇ ਇਹ ਟ੍ਰੇਡ ਵਾਰ ਵਧਦੀ ਹੈ ਤਾਂ ਇਹ ਗੰਭੀਰ ਸੰਕਟ ਹੋ ਸਕਦਾ ਹੈ। ਮਾਹਰਾਂ ਮੁਤਾਬਕ, ਵਿਆਜ ਦਰਾਂ ਬਾਰੇ ਭਵਿੱਖ ਦੀ ਅਸਲ ਤਸਵੀਰ ਦਾ ਸੰਕੇਤ 2 ਸਤੰਬਰ ਨੂੰ ਸੈਂਟਰਲ ਬੈਂਕ ਦੀ ਹੋਣ ਵਾਲੀ ਵਿਆਜ ਦਰ ਦੇ ਐਲਾਨ ਤੋਂ ਮਿਲ ਸਕਦਾ ਹੈ।




