Jan 13, 2025 8:05 PM - Connect Newsroom

ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਸ਼ੁਰੂ ਹੋਣ ਤੋਂ ਪਹਿਲਾਂ ਪਾਰਟੀ ਅੰਦਰ ਇਹ ਮੁੱਦਾ ਗਰਮਾ ਗਿਆ ਹੈ ਕਿ ਉਨ੍ਹਾਂ ਦਾ ਅਗਲਾ ਲੀਡਰ ਜੋ ਵੀ ਹੋਵੇ ਉਹ ਫਰੈਂਚ ਅਤੇ ਅੰਗਰੇਜ਼ੀ ਦੋਵੇਂ ਭਾਸ਼ਾ ਬੋਲਣ ਵਾਲਾ ਹੋਣਾ ਚਾਹੀਦਾ ਹੈ। ਸਾਬਕਾ ਹਾਊਸਿੰਗ ਮਿਨਿਸਟਰ ਸ਼ੌਨ ਫ੍ਰੇਜ਼ਰ ਨੇ ਕਿਹਾ ਕਿ ਮੇਰੀ ਰਾਇ ਵਿਚ ਲਿਬਰਲ ਪਾਰਟੀ ਦੇ ਲੀਡਰ ਲਈ ਦੋਵੇਂ ਭਾਸ਼ਾਵਾਂ ਬੋਲਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਜੇ ਲੀਡਰ ਕੋਲ ਭਾਸ਼ਾਈ ਘੱਟ ਗਿਣਤੀਆਂ ਅਤੇ ਕਿਊਬੈਕ ਦੇ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਦੀ ਸਮਰਥਾ ਨਹੀਂ ਹੈ ਤਾਂ ਉਹ ਇੱਕ ਚੰਗਾ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦਾ ਚੰਗਾ ਲੀਡਰ ਨਹੀਂ ਹੋ ਸਕਦਾ। ਉਥੇ ਹੀ, ਮੈਨੀਟੋਬਾ ਤੋਂ ਸਾਂਸਦ ਕੇਵਿਨ ਲੈਮੋਰੇਕਸ ਨੇ ਕਿਹਾ ਕਿ ਜੇ ਉਨ੍ਹਾਂ ਦੀ ਪਾਰਟੀ ਕਿਸੇ ਅਜਿਹੇ ਵਿਅਕਤੀ ਨੂੰ ਚੁਣਦੀ ਹੈ ਜੋ ਦੋਭਾਸ਼ੀ ਨਹੀਂ ਹੈ ਤਾਂ ਇਹ ਉਨ੍ਹਾਂ ਲਈ ਬਹੁਤ ਅਸਹਿਜ ਵਾਲੀ ਸਥਿਤੀ ਹੋਵੇਗੀ।
ਗੌਰਤਲਬ ਹੈ ਕਿ ਪਾਰਟੀ ਅੰਦਰ ਇਹ ਮੁੱਦਾ ਉਸ ਸਮੇਂ ਗਰਮਾਇਆ ਹੈ ਜਦੋਂ ਐਮਪੀ ਚੰਦਰ ਆਰੀਆ ਅਤੇ ਮਾਂਟਰੀਅਲ ਤੋਂ ਸਾਬਕਾ ਸੰਸਦ ਮੈਂਬਰ ਫਰੈਂਕ ਬੇਲਿਸ ਨੇ ਲੀਡਰਸ਼ਿਪ ਚੋਣ ਲੜਨ ਦੀ ਘੋਸ਼ਣਾ ਕੀਤੀ ਹੈ ਅਤੇ ਬੀਸੀ ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਇਸ ’ਤੇ ਵਿਚਾਰ ਕਰ ਰਹੀ ਹੈ।
ਆਰੀਆ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਫਰੈਂਚ ਨਹੀਂ ਬੋਲ ਸਕਦੇ ਅਤੇ ਇਹ ਕੋਈ ਵੱਡਾ ਮੁੱਦਾ ਨਹੀਂ ਹੈ। ਉਥੇ ਹੀ, ਕਲਾਰਕ ਦਾ ਕਹਿਣਾ ਹੈ ਕਿ ਉਹ ੍ਰੈਂਚ ਬੋਲ ਸਕਦੀ ਹੈ ਪਰ ਇਸ ਵਿਚ ਹੋਰ ਸੁਧਾਰ ਕਰ ਰਹੀ ਹੈ।




