Dec 5, 2023 6:25 PM - The Canadian Press

ਕੈਨੇਡਾ ਦੇ ਹਾਊਸ ਆਫ ਕਾਮਨਜ਼ ਦੇ ਸਪੀਕਰ ਗ੍ਰੇਗ ਫਰਗਸ ਵਿਵਾਦਾਂ ਵਿੱਚ ਘਿਰ ਗਏ ਹਨ। ਵਿਰੋਧੀ ਪਾਰਟੀਆਂ ਨੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ, ਦੋ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਇਹ ਅਹੁਦਾ ਸੰਭਾਲਿਆ ਸੀ ।
ਫਰਗਸ ਦਾ ਇਹ ਵਿਵਾਦ ਉਨ੍ਹਾਂ ਦੇ ਵੀਡੀਓ ਮੈਸੇਜ ਨੂੰ ਲੈ ਕੇ ਹੈ ਜੋ ਹਾਲ ਹੀ ਵਿੱਚ ਓਨਟੇਰੀਓ ਦੀ ਲਿਬਰਲ ਲੀਡਰਸ਼ਿਪ ਸੰਮੇਲਨ ਵਿੱਚ ਚਲਾਇਆ ਗਿਆ ਸੀ। ਇਸ ਵੀਡੀਓ ਵਿੱਚ ਉਹ ਸਪੀਕਰ ਦੇ ਚੈਂਬਰ ਤੋਂ ਅਤੇ ਸਪੀਕਰ ਦੀ ਰਵਾਇਤੀ ਪੁਸ਼ਾਕ ਵਿੱਚ ਸਨ। ਬੀਤੇ ਕੱਲ੍ਹ ਉਨ੍ਹਾਂ ਨੇ ਹਾਊਸ ਵਿੱਚ ਇਸ 'ਤੇ ਸਫਾਈ ਦਿੰਦੇ ਹੋਏ ਮੁਆਫ਼ੀ ਵੀ ਮੰਗ ਲਈ ਸੀ। ਫਰਗਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਮਕਸਦ ਸਿਰਫ ਓਨਟੇਰੀਓ ਲਿਬਰਲ ਦੇ ਅੰਤਰਿਮ ਲੀਡਰ ਜੌਨ ਫਰੇਜ਼ਰ ਦੀ ਵਿਦਾਈ ਨੂੰ ਸ਼ਰਧਾਂਜਲੀ ਦੇਣਾ ਸੀ ਜੋ ਲੰਮੇ ਸਮੇਂ ਤੋਂ ਉਨ੍ਹਾਂ ਦੇ ਦੋਸਤ ਹਨ ।
ਪਰ ਕੰਜ਼ਰਵੇਟਿਵ ਅਤੇ ਬਲਾਕ ਕਿਊਬੈਕਵਾ ਨੇ ਵੀਡੀਓ ਦੀ ਸਖ਼ਤ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਹੈ। ਕੰਜ਼ਰਵੇਟਿਵ ਹਾਊਸ ਲੀਡਰ ਅਤੇ ਸਾਬਕਾ ਸਪੀਕਰ ਐਂਡਰਿਊ ਸ਼ੀਅਰ ਨੇ ਕਿਹਾ ਕਿ ਫਰਗਸ ਦਾ ਇਹ ਵੀਡੀਓ ਸਪੀਕਰ ਦੇ ਅਹੁਦੇ ਦੀ ਉਲੰਘਣਾ ਹੈ ਅਤੇ ਇਹ ਉਨ੍ਹਾਂ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਕਰਦਾ ਹੈ।
ਫਰਗਸ ਨੇ ਕਿਹਾ ਕਿ ਉਨ੍ਹਾਂ ਦਾ ਵੀਡੀਓ ਮੈਸੇਜ ਰਾਜਨੀਤਿਕ ਨਹੀਂ ਸੀ, ਫਿਰ ਵੀ ਉਹ ਅਜਿਹੀ ਘਟਨਾ ਦੁਬਾਰਾ ਨਹੀਂ ਹੋਣ ਦੇਣਗੇ। ਗੌਰਤਲਬ ਹੈ ਕਿ ਫਰਗਸ ਨੂੰ ਅਕਤੂਬਰ ਦੇ ਸ਼ੁਰੂ ਵਿੱਚ ਸਪੀਕਰ ਚੁਣਿਆ ਗਿਆ ਸੀ ਜਦੋਂ ਐਂਥਨੀ ਰੋਟਾ ਨੇ ਵਿਵਾਦ ਵਿੱਚ ਘਿਰਨ ਮਗਰੋਂ ਅਸਤੀਫਾ ਦੇ ਦਿੱਤਾ ਸੀ।




