Mar 12, 2021 2:59 AM -

ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਨੇ ਸੂਬੇ 'ਚ ਚਾਰ ਦੀਵਾਰੀ ਦੇ ਬਾਹਰ ਦੇ ਇਕੱਠਾਂ 'ਚ ਕੁਝ ਢਿੱਲ ਦੇਣ ਦਾ ਐਲਾਨ ਕੀਤਾ ਹੈ। ਹਾਲਾਂਕਿ ਘਰ ਦੇ ਅੰਦਰ ਦੇ ਇਕੱਠਾਂ 'ਚ ਢਿੱਲ ਨਹੀਂ ਦਿੱਤੀ ਜਾ ਰਹੀ ਹੈ। ਹੁਣ ਆਊਟਡੋਰ ਇਕੱਠਾਂ ਦੌਰਾਨ 10 ਲੋਕਾਂ ਤਕ ਦੀ ਗਿਣਤੀ 'ਚ ਇਕੱਠ ਕੀਤਾ ਜਾ ਸਕੇਗਾ। ਹਾਲਾਂਕਿ ਇਸ ਦੌਰਾਨ ਫਿਜ਼ੀਕਲ ਡਿਸਟੈਨਸਿੰਗ ਜਿਹੀਆਂ ਸਲਾਹਾਂ ਦੀ ਪਾਲਣਾ ਕਰਦੇ ਰਹਿਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਲੋਅਰ ਮੇਨਲੈਂਡ ਸਮੇਤ ਬਾਕੀ ਦੀਆਂ ਪਬੰਦੀਆਂ ਫਿਲਹਾਲ ਜਾਰੀ ਰਹਿਣਗੀਆਂ ਕਿਉਂਕਿ ਕਮਿਊਨਿਟੀਸ 'ਚ ਕੋਵਿਡ-19 ਦਾ ਫੈਲਾਅ ਜਾਰੀ ਹੈ। ਉਨ੍ਹਾਂ ਕਿਹਾ ਕਿ ਸੇਂਟ ਪੈਟ੍ਰਿਕਸ ਡੇਅ ਦੇ ਮੌਕੇ ਬਾਰਸ ਅਤੇ ਰੈਸਟੂਰੈਂਟਾਂ ਨੂੰ ਸ਼ਾਮ 8 ਵਜੇ ਸ਼ਰਾਬ ਦੀ ਵਿਕਰੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਬੀ.ਸੀ. 'ਚ ਕੋਵਿਡ-19 ਦੇ 569 ਮਾਮਲੇ ਹੋਏ ਰਿਪੋਰਟ
ਅੱਜ ਬੀ.ਸੀ. 'ਚ ਕੋਵਿਡ-19 ਦੇ 569 ਹੋਰ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿੱਤੀ ਗਈ ਹੈ। ਦੁੱਖ ਦੀ ਗੱਲ ਸੀ ਕਿ 3 ਵਾਇਰਸ ਪੀੜਤਾਂ ਦੇ ਦਮ ਤੋੜਨ ਬਾਰੇ ਦੱਸਿਆ ਗਿਆ। ਹੁਣ ਬੀ.ਸੀ. 'ਚ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 86,219 ਤਕ ਪਹੁੰਚ ਗਈ ਹੈ। ਬੀ.ਸੀ. ਦੀ ਪ੍ਰੋਵਿੰਸ਼ੀਅਲ ਸਿਹਤ ਅਫ਼ਸਰ, ਡਾ. ਬੌਨੀ ਹੈਨਰੀ ਅਤੇ ਸਿਹਤ ਮੰਤਰੀ ਐਡਰੀਅਨ ਡਿਕਸ ਵੱਲੋਂ ਅੱਜ ਦੇ ਮਾਮਲਿਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸੂਬੇ 'ਚ ਵਾਇਰਸ ਸੰਬੰਧੀ ਮੌਤਾਂ ਦੀ ਗਿਣਤੀ 1,397 ਹੋ ਗਈ ਹੈ। ਬੀ.ਸੀ. 'ਚ ਵਾਇਰਸ ਸੰਬੰਧੀ ਐਕਟਿਵ ਮਾਮਲੇ 4,912 ਤਕ ਪਹੁੰਚ ਗਏ ਹਨ। ਕੁੱਲ 244 ਲੋਕ ਹਸਪਤਾਲ 'ਚ ਦਾਖਿਲ ਹਨ, ਤੇ ਇਸ 'ਚ 68 ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ।
ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 11 ਹੋਰ ਮਾਮਲੇ ਹੋਏ ਰਿਪੋਰਟ
ਬੀ.ਸੀ. 'ਚ ਕੋਵਿਡ-19 ਦੇ ਨਵੇਂ ਵੇਰੀਐਂਟਸ ਦੇ 11 ਹੋਰ ਮਾਮਲੇ ਰਿਪੋਰਟ ਹੋਏ ਹਨ। ਇਸ ਦੇ ਨਾਲ ਹੁਣ ਸੂਬੇ 'ਚ ਨਵੇਂ ਵਾਇਰਸ ਵੇਰੀਐਂਟਸ ਦੇ ਕੁੱਲ 638 ਮਾਮਲੇ ਰਿਪੋਰਟ ਹੋ ਚੁੱਕੇ ਹਨ। ਇਸ 'ਚ 588 ਮਾਮਲੇ ਯੂ.ਕੇ. ਵੇਰੀਐਂਟ ਦੇ ਹਨ, ਜਦਕਿ 36 ਮਾਮਲੇ ਦੱਖਣੀ ਅਫਰੀਕਾ ਵੇਰੀਐਂਟ ਨਾਲ ਸੰਬੰਧਤ ਹਨ। ਬ੍ਰਾਜ਼ੀਲ ਵੇਰੀਐਂਟ ਦੇ 14 ਮਾਮਲੇ ਰਿਪੋਰਟ ਹੋ ਚੁੱਕੇ ਹਨ। ਇਸ 'ਚ 89 ਮਾਮਲੇ ਐਕਟਿਵ ਦੱਸੇ ਗਏ ਹਨ।
ਕੋਵਿਡ-19 ਸੰਬੰਧੀ ਖੁਰਾਕਾਂ ਹਾਸਿਲ ਕਰਨ ਵਾਲਿਆਂ ਦੀ ਗਿਣਤੀ 366,791 ਤਕ ਪਹੁੰਚੀ
ਬੀ.ਸੀ. 'ਚ ਹੁਣ ਤਕ ਕੋਵਿਡ-19 ਵੈਕਸੀਨ ਦੀਆਂ 366,791 ਖੁਰਾਕਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਡਾ. ਬੌਨੀ ਹੈਨਰੀ ਨੇ ਦੱਸਿਆ ਕਿ ਹੁਣ ਤੱਕ ਪ੍ਰਦਾਨ ਕੀਤੀਆਂ ਗਈਆਂ ਖੁਰਾਕਾਂ 'ਚ 87,009 ਲੋਕ ਅਜਿਹੇ ਹਨ ਜਿੰਨਾ ਨੂੰ ਵੈਕਸੀਨ ਦੀ ਦੂਜੀ ਖੁਰਾਕ ਵੀ ਪ੍ਰਦਾਨ ਕੀਤੀ ਜਾ ਚੁੱਕੀ ਹੈ। ਵੀਰਵਾਰ ਤਕ ਦੇ ਅੰਕੜਿਆਂ ਅਨੁਸਾਰ ਬੀ.ਸੀ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦਾ ਕਹਿਣਾ ਹੈ ਕਿ, ਹੁਣ ਤੱਕ ਸੂਬੇ 'ਚ ਕੁੱਲ 445,920 ਵੈਕਸੀਨ ਖੁਰਾਕਾਂ ਡਿਲਿਵਰ ਹੋ ਚੁੱਕੀਆਂ ਹਨ।




