Aug 26, 2026 2:04 PM - Connect Newsroom - Ramandeep Kaur with files from The Canadian Press

ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕਾ ਨਾਲ ਟਰੇਡ ਵਾਰ ਵਿਚ ਸਿਰਫ਼ ਜਵਾਬੀ ਟੈਰਿਫਸ ਤੱਕ ਸੀਮਤ ਨਾ ਰਹਿ ਕੇ ਹੋਰ ਸਖ਼ਤ ਗੈਰ-ਟੈਰਿਫ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਇਹ ਵੀ ਸੰਕੇਤ ਦਿੱਤਾ ਕਿ ਜੇ ਲੋੜ ਪਈ ਤਾਂ ਸੂਬਾ ਅਮਰੀਕਾ ਨੂੰ ਊਰਜਾ ਨਿਰਯਾਤ 'ਤੇ ਸਰਚਾਰਜ ਜਾਂ ਰੋਕ ਲਗਾ ਸਕਦਾ ਹੈ।
ਈਬੀ ਨੇ ਕਾਰਨੀ ਸਰਕਾਰ ਨੂੰ ਅਮਰੀਕੀ-ਨਿਰਮਿਤ F-35 ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਦਾ ਰਿਵਿਊ ਕਰਨ ਦੀ ਵੀ ਮੰਗ ਕੀਤੀ, ਉਹਨਾਂ ਕਿਹਾ ਕਿ ਜਦੋਂ ਤੁਹਾਡਾ ਕੋਈ ਦੋਸਤ ਤੁਹਾਡੀ ਪਿੱਠ ਵਿਚ ਲੱਤ ਮਾਰਦਾ ਹੈ ਤਾਂ ਉਸ ਤੋਂ $12 ਬਿਲੀਅਨ ਦੇ ਲੜਾਕੂ ਜਹਾਜ਼ ਨਹੀਂ ਖਰੀਦੇ ਜਾਂਦੇ। ਇਸ ਤੋਂ ਇਲਾਵਾ ਪ੍ਰੀਮੀਅਰ ਨੇ ਮੈਟਰੋ ਵੈਨਕੂਵਰ ਦੀ ਬੰਦਰਗਾਹ ਰਾਹੀਂ ਨਿਰਯਾਤ ਹੋਣ ਵਾਲੇ ਅਮਰੀਕੀ ਕੋਲੇ ਦੀ ਸ਼ਿਪਮੈਂਟ 'ਤੇ levy ਲਗਾਉਣ ਜਾਂ ਇਸ ਨੂੰ phase-out ਕਰਨ ਦੀ ਪ੍ਰਕਿਰਿਆ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਸੁਝਾਅ ਦਿੱਤਾ।
ਇਸ ਦੇ ਨਾਲ ਹੀ ਉਨ੍ਹਾਂ ਔਟਵਾ ਵੱਲੋਂ ਐਲਾਨੇ $7.5-ਬਿਲੀਅਨ ਦੇ ਵਪਾਰ ਰਾਹਤ ਪੈਕੇਜ ਨੂੰ ਚੰਗੀ ਸ਼ੁਰੂਆਤ ਦੱਸਿਆ ਪਰ ਜ਼ੋਰ ਦਿੱਤਾ ਕਿ ਛੋਟੇ ਕਾਰੋਬਾਰਾਂ ਲਈ ਇਸ ਸਹਾਇਤਾ ਨੂੰ ਹਾਸਲ ਕਰਨ ਦਾ ਪ੍ਰੋਸੈਸ ਆਸਾਨ ਹੋਣਾ ਚਾਹੀਦਾ ਹੈ। ਈਬੀ ਨੇ ਕੈਨੇਡੀਅਨ ਨੂੰ ਅਮਰੀਕਾ ਦੀ ਯਾਤਰਾ ਕਰਨ ਤੋਂ ਗੁਰੇਜ਼ ਕਰਨ ਦੀ ਵੀ ਅਪੀਲ ਕੀਤੀ ਹੈ।




