Sep 11, 2026 3:05 PM - Connect Newsroom - Ramandeep Kaur with files from The Canadian Press

ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਲੰਮਾ ਸਮਾਂ ਚੀਫ਼ ਆਫ਼ ਸਟਾਫ਼ ਰਹੀ Katie Telford ਰਾਜਨੀਤੀ ਛੱਡ ਕੇ ਹੁਣ ਮਨੋਰੰਜਨ ਜਗਤ ਵਿਚ ਕਦਮ ਰੱਖ ਰਹੇ ਹਨ। ਉਨ੍ਹਾਂ ਨੇ ਅੱਜ ਟੋਰੌਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਆਪਣੀ ਨਵੀਂ ਮੀਡੀਆ ਅਤੇ ਪ੍ਰੋਡਕਸ਼ਨ ਕੰਪਨੀ Hope & Hard Work ਨੂੰ ਲੌਂਚ ਕਰਨ ਦਾ ਐਲਾਨ ਕੀਤਾ ਹੈ।
ਇਸ ਕੰਪਨੀ ਦਾ ਨਾਂ ਟਰੂਡੋ ਦੀ 2015 ਦੀ ਚੋਣ ਜਿੱਤ ਦੇ ਮਸ਼ਹੂਰ ਨਾਅਰੇ ਤੋਂ ਪ੍ਰੇਰਿਤ ਹੈ, ਜਿਸ ਸਦਕਾ ਉਨ੍ਹਾਂ ਲਿਬਰਲ ਪਾਰਟੀ ਨੂੰ ਤੀਜੇ ਨੰਬਰ ਦੀ ਵਿਰੋਧੀ ਧਿਰ ਤੋਂ ਸੱਤਾ ਤੱਕ ਪਹੁੰਚਾਇਆ ਅਤੇ ਲਗਭਗ ਇੱਕ ਦਹਾਕੇ ਤੱਕ ਸਰਕਾਰ ਚਲਾਈ ਸੀ। ਇਸ ਪ੍ਰੋਡਕਸ਼ਨ ਹਾਊਸ ਦੇ ਬੈਨਰ ਹੇਠ ਕਈ ਪ੍ਰੋਜੈਕਟਾਂ 'ਤੇ ਕੰਮ ਸ਼ੁਰੂ ਵੀ ਹੋ ਚੁੱਕਾ ਹੈ।
ਟਰੂਡੋ ਦਾ ਇਹ ਕਦਮ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮਿਸ਼ੇਲ ਓਬਾਮਾ ਦੀ ਕੰਪਨੀ ਹਾਇਰ ਗਰਾਊਂਡ ਪ੍ਰੋਡਕਸ਼ਨਜ਼ ਤੋਂ ਪ੍ਰੇਰਿਤ ਮੰਨਿਆ ਜਾ ਰਿਹਾ ਹੈ, ਜਿਨ੍ਹਾਂ ਨੇ ਰਾਜਨੀਤੀ ਤੋਂ ਬਾਅਦ 2018 ਵਿਚ ਇਸ ਦੀ ਸਥਾਪਨਾ ਕੀਤੀ ਸੀ। ਗੌਰਤਲਬ ਹੈ ਕਿ ਟਰੂਡੋ ਜਨਵਰੀ 2025 ਵਿਚ ਆਪਣੇ ਅਸਤੀਫ਼ੇ ਦਾ ਐਲਾਨ ਕਰਨ ਤੋਂ ਬਾਅਦ ਹੀ ਰਾਜਨੀਤੀ ਤੋਂ ਪਿੱਛੇ ਹਟ ਗਏ ਸਨ।




