May 23, 2024 3:01 PM - Connect Newsroom

ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਲੋਂ ਫੌਜ ਨੂੰ ਲੈ ਕੇ ਦਿੱਤੇ ਬਿਆਨ ’ਤੇ ਇਲੈਕਸ਼ਨ ਕਮਿਸ਼ਨ ਨੇ ਸਖ਼ਤ ਚਿਤਾਵਨੀ ਜਾਰੀ ਕੀਤੀ ਹੈ। ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਆਚਾਰ ਸੰਹਿਤਾ ਦੀ ਉਲੰਘਣਾ ਹਨ ਅਤੇ ਇਨ੍ਹਾਂ ਤੋਂ ਗੁਰੇਜ਼ ਕੀਤਾ ਜਾਵੇ। 5 ਮਈ ਨੂੰ ਇੱਕ ਜਨ ਸਭਾ ਦੌਰਾਨ ਚੰਨੀ ਨੇ ਟਿੱਪਣੀ ਕੀਤੀ ਸੀ ਕਿ 4 ਮਈ ਨੂੰ ਹਵਾਈ ਫੌਜ ਦੇ ਕਾਫਲੇ ’ਤੇ ਹੋਇਆ ਅੱਤਵਾਦੀ ਹਮਲਾ ਭਾਜਪਾ ਦਾ ਚੁਣਾਵੀ ਸਟੰਟ ਸੀ।
ਕਮਿਸ਼ਨ ਨੇ ਕਿਹਾ ਕਿ ਉਸ ਨੇ ਚੰਨੀ ਨੂੰ ਜਲੰਧਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਤੇ ਡੀਸੀ ਕੋਲ ਸਪੱਸ਼ਟੀਕਰਨ ਦੇਣ ਲਈ ਨੋਟਿਸ ਜਾਰੀ ਕੀਤਾ ਸੀ ਪਰ ਕਮਿਸ਼ਨ ਉਨ੍ਹਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ। ਚੰਨੀ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇ ਗੈਰ-ਪ੍ਰਮਾਣਿਤ ਬਿਆਨ ਦੁਬਾਰਾ ਨਾ ਦਿੱਤੇ ਜਾਣ।
ਇਸ ਦੇ ਨਾਲ ਹੀ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਨਸੀਹਤ ਦਿੱਤੀ ਕਿ ਕਿਸੇ ਦੇ ਨਿੱਜੀ ਜੀਵਨ ਨਾਲ ਜੁੜੀ ਟਿੱਪਣੀ ਤੋਂ ਬਚਿਆ ਜਾਵੇ ਅਤੇ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਿਸੇ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ ਅਤੇ ਉਸ ਦੇ ਪਿਛਲੇ ਰਿਕਾਰਡ ਤੇ ਕੰਮਾਂ ਤੱਕ ਹੀ ਸੀਮਿਤ ਹੋਣੀ ਚਾਹੀਦੀ ਹੈ।




