May 19, 2022 1:52 PM - ANI

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦਾ ਪੱਲਾ ਫੜ੍ਹ ਲਿਆ ਹੈ। ਉਹ ਅੱਜ ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਦੀ ਮੌਜੂਦਗੀ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਏ। ਕਾਫ਼ੀ ਸਮੇਂ ਤੋਂ ਉਹ ਕਾਂਗਰਸ ਨਾਲ ਨਾਰਾਜ਼ ਚੱਲ ਰਹੇ ਸਨ।
ਨੱਡਾ ਨੇ ਜਾਖੜ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ, "ਮੈਂ ਸੁਨੀਲ ਜਾਖੜ ਦਾ ਭਾਰਤੀ ਜਨਤਾ ਪਾਰਟੀ ਵਿਚ ਸੁਆਗਤ ਕਰਦਾ ਹਾਂ। ਉਹ ਇੱਕ ਤਜਰਬੇਕਾਰ ਸਿਆਸੀ ਆਗੂ ਹਨ, ਜਿਨ੍ਹਾਂ ਨੇ ਆਪਣੇ ਸਿਆਸੀ ਜੀਵਨ ਦੌਰਾਨ ਨਾਮ ਕਮਾਇਆ ਹੈ। ਮੈਨੂੰ ਭਰੋਸਾ ਹੈ ਕਿ ਉਹ ਪੰਜਾਬ ਵਿਚ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਵੱਡੀ ਭੂਮਿਕਾ ਨਿਭਾਉਣਗੇ।"
ਜਾਖੜ ਨੇ ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਕਿਹਾ, "ਪਿਛਲੇ 50 ਸਾਲਾਂ ਦੌਰਾਨ ਮੇਰੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਕਾਂਗਰਸ ਵਿਚ ਸੇਵਾ ਨਿਭਾਈ। ਅੱਜ ਮੈਂ ਪੰਜਾਬ ਵਿਚ ਰਾਸ਼ਟਰਵਾਦ, ਏਕਤਾ ਤੇ ਭਾਈਚਾਰਕ ਸਾਂਝ ਦੇ ਮੁੱਦਿਆਂ ਨੂੰ ਲੈ ਕੇ ਕਾਂਗਰਸ ਨਾਲੋਂ 50 ਸਾਲ ਪੁਰਾਣਾ ਨਾਤਾ ਤੋੜ ਲਿਆ ਹੈ।" ਗੌਰਤਲਬ ਹੈ ਕਿ ਜਾਖੜ ਨੇ ਸ਼ਨੀਵਾਰ ਨੂੰ ਫੇਸਬੁੱਕ ਲਾਈਵ ਦੌਰਾਨ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਕਾਂਗਰਸ ਨੇ ਸੁਨੀਲ ਜਾਖੜ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਇਸ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਜਾਖੜ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਕਿਹਾ ਸੀ ਕਿ ਮੈਂ ਸੋਨੀਆ ਗਾਂਧੀ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਾਂਗਰਸ ਪ੍ਰਧਾਨ ਹੋਣ ਦੇ ਨਾਤੇ ਕੀ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਪਾਰਟੀ ਵਿਚ ਕੋਈ ਅਹੁਦਾ ਨਹੀਂ ਹੈ? ਫਿਰ ਮੈਨੂੰ ਕਾਰਨ ਦੱਸੋ ਨੋਟਿਸ ਕਿਉਂ ਦਿੱਤਾ ਜਾ ਰਿਹਾ ਹੈ?




