May 18, 2021 3:37 PM -

ਤਕਰੀਬਨ ਇੱਕ ਦਹਾਕੇ ਪਹਿਲਾਂ ਰਾਜਨੀਤੀ ਛੱਡਣ ਤੋਂ ਬਾਅਦ ਇੱਕ ਸਾਬਕਾ ਕੈਬਿਨੇਟ ਮੰਤਰੀ ਸਿਆਸਤ ਵਿੱਚ ਵਾਪਸੀ ਕਰ ਰਹੇ ਹਨ।
ਕੈਵਿਨ ਫੈਲਕਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਹੋਣਗੇ।
ਫੈਲਕਨ ਨੇ ਕਿਹਾ ਕਿ ਉਹ 2017 ਦੀਆਂ ਚੋਣਾਂ ਤੋਂ ਬਾਅਦ ਆਪਣੀ ਦਿਸ਼ਾ ਗਵਾ ਬੈਠੀ ਲਿਬਰਲ ਪਾਰਟੀ ਨੂੰ ਨਵਾਂ ਨਾਂ ਅਤੇ ਰੂਪ ਦੇਣਾ ਚਾਹੁੰਦੇ ਹਨ।
2022 ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਵਾਲੇ ਫੈਲਕਨ ਤੀਸਰੇ ਉਮੀਦਵਾਰ ਹਨ, ਸਕੀਨਾ ਦੇ ਲਿਬਰਲ ਐਮ.ਐਲ.ਏ. ਐਲਿਸ ਰੌਸ ਅਤੇ ਸਾਬਕਾ ਲਿਬਰਲ ਬਾਏ ਇਲੈਕਸ਼ਨ ਉਮੀਦਵਾਰ ਗੈਵਿਨ ਡਿਊ ਵੀ ਲੀਡਰਸ਼ਿਪ ਦੌੜ ਵਿੱਚ ਖੜੇ ਹੋ ਰਹੇ ਹਨ।
ਲਿਬਰਲ ਟਰਾਂਸਪੋਰਟੇਸ਼ਨ ਕ੍ਰਿਟਿਕ ਮਾਈਕਲ ਲੀ ਨੇ ਕੱਲ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਗੱਲ ਵੱਲ ਸੰਕੇਤ ਕੀਤਾ ਹੈ ਕਿ ਉਹ ਵੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ।
ਫੈਲਕਨ, ਜੋ ਕਿ ਬੀ.ਸੀ. ਦੇ ਸਾਬਕਾ ਵਿੱਤ, ਸਿਹਤ ਅਤੇ ਆਵਾਜਾਈ ਮੰਤਰੀ ਹਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਵਧੇਰੇ ਸਮਾਂ ਬਿਤਾਉਣ ਲਈ ਸਾਲ 2013 ਵਿੱਚ ਰਾਜਨੀਤੀ ਛੱਡ ਦਿੱਤੀ ਸੀ, ਪਰ ਹੁਣ ਉਹ ਆਪਣੇ ਪਰਿਵਾਰ ਅਤੇ ਸੂਬੇ ਦੇ ਭਵਿੱਖ ਨੂੰ ਐਨ.ਡੀ.ਪੀ. ਦੀਆਂ ਨੀਤੀਆਂ ਕਾਰਣ ਬਣੇ ਹੋਏ ਹਾਲਾਤ ਤੋਂ ਬਚਾਉਣ ਲਈ ਲੀਡਰਸ਼ਿਪ ਦੌੜ ਵਿੱਚ ਸ਼ਾਮਲ ਹੋਏ ਹਨ।
ਸਾਲ 2001 ਵਿੱਚ ਸਰ੍ਹੀ-ਕਲੋਵਰਡੇਲ ਵਿੱਚ ਸਭ ਤੋਂ ਪਹਿਲਾਂ ਚੁਣੇ ਗਏ ਫੈਲਕਨ, 2011 ਵਿੱਚ ਸਾਬਕਾ ਲੀਡਰ ਕ੍ਰਿਸਟੀ ਕਲਾਰਕ ਤੋਂ ਹਾਰ ਜਾਣ ਤੋਂ ਬਾਅਦ ਪਾਰਟੀ ਲੀਡਰ ਲਈ ਦੂਸਰੀ ਵਾਰ ਕੋਸ਼ਿਸ਼ ਕਰ ਰਹੇ ਹਨ।




