Sep 10, 2024 6:46 PM - Connect Newsroom

8 ਸਤੰਬਰ ਨੂੰ ਮਿਨਿਸਟਰ ਓਫ ਡਾਈਵਰਸਿਟੀ, ਇਨਕਲੂਜ਼ਨ ਅਤੇ ਪਰਸੰਸ ਵਿਦ ਡਿਸਅਬਿਲੀਟੀਜ਼ ਕਮਲ ਖਹਿਰਾ ਅਤੇ ਕੈਨੇਡਾ ਲਈ ਕਿੰਗਜ਼ ਪ੍ਰਿਵੀ ਕੌਂਸਲ ਦੇ ਪ੍ਰਧਾਨ, ਮਿਨਿਸਟਰ ਓਫ ਐਮਰਜੈਂਸੀ ਪ੍ਰੇਪੇਰਡਨੈੱਸ ਅਤੇ ਕੈਨੇਡਾ ਦੀ ਇਕੋਨੌਂਮਿਕ ਡਿਵੈਲਪਮੈਂਟ ਏਜੇਂਸੀ ਲਈ ਜ਼ਿੰਮੇਵਾਰ ਮਿਨਿਸਟਰ ਹਰਜੀਤ ਸਿੰਘ ਸੱਜਣ ਨੇ ਡੰਕਨ ਦੇ ਗੁਰਦੁਆਰਾ ਸਾਹਿਬ ਪਾਲਦੀ ਦਾ ਦੌਰਾ ਕੀਤਾ ਅਤੇ ਸਿੱਖ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਥਨ ਦੇਣ ਵਾਲੇ ਨਵੇਂ ਫੈਡਰਲ ਨਿਵੇਸ਼ਾਂ ਦਾ ਐਲਾਨ ਕੀਤਾ।
ਬਜਟ 2024 ਦੇ ਹਿੱਸੇ ਵਜੋਂ, ਕੈਨੇਡਾ ਸਰਕਾਰ ਪਹਿਲੀ ਅਤੇ ਦੂਜੀ ਵਿਸ਼ਵ ਜੰਗਾਂ ਵਿੱਚ ਕੈਨੇਡੀਅਨ ਅਤੇ ਭਾਰਤੀ ਸੈਨਿਕਾਂ ਦੀ ਸਾਂਝੀ ਫੌਜੀ ਵਿਰਾਸਤ ਨੂੰ ਉਜਾਗਰ ਕਰਨ ਵਾਲੀ ਇੱਕ ਸ਼ੌਰਟ ਫਿਲਮ ਬਣਾਉਣ ਲਈ ਸਰੀ ਵਿੱਚ ਇੰਡਸ ਮੀਡੀਆ ਫਾਊਂਡੇਸ਼ਨ ਲਈ 2024-25 ਵਿੱਚ $1.8 ਮਿਲੀਅਨ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ, 2024-25 ਤੋਂ ਸ਼ੁਰੂ ਕਰਦੇ ਹੋਏ, ਅਜਾਇਬ ਘਰਾਂ ਅਤੇ ਸੱਭਿਆਚਾਰਕ ਕੇਂਦਰਾਂ ਦੇ ਨਿਰਮਾਣ ਵਿੱਚ ਸਹਾਇਤਾ ਲਈ ਦੋ ਸਾਲਾਂ ਵਿੱਚ $11 ਮਿਲੀਅਨ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਵਿੱਚ ਸਿੱਖ ਆਰਟਸ ਐਂਡ ਕਲਚਰ ਫਾਊਂਡੇਸ਼ਨ ਲਈ $6 ਮਿਲੀਅਨ ਅਤੇ ਟੋਰਾਂਟੋ ਵਿੱਚ ਰਾਇਲ ਓਨਟਾਰੀਓ ਮਿਊਜ਼ੀਅਮ ਦੇ ਪ੍ਰੋਜੈਕਟ ਤਹਿਤ ਇੱਕ ਸਪੇਸ ਸ਼ਾਮਲ ਹੈ, ਜੋ ਕੀ ਸਿੱਖ ਕਲਾ, ਸੱਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੋਵੇਗੀ।
ਇਨ੍ਹਾਂ ਨਿਵੇਸ਼ਾਂ ਰਾਹੀਂ, ਸਰਕਾਰ ਸਿੱਖ ਕੈਨੇਡੀਅਨਜ਼ ਵੱਲੋਂ ਦੇਸ਼ ਵਿੱਚ ਪਾਏ ਗਏ ਯੋਗਦਾਨ ਨੂੰ ਮਾਨਤਾ ਦੇਣ ਦਾ ਉਦੇਸ਼ ਰੱਖਦੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਜ਼ਬੂਤ ਅਤੇ ਵਧੇਰੇ ਸਮਾਵੇਸ਼ੀ ਕੈਨੇਡਾ ਬਣਾਉਣ ਲਈ ਵਚਨਬੱਧ ਹੈ।




