Jan 11, 2024 6:10 PM - The Canadian Press

ਕੈਨੇਡਾ ਇਸ ਸਾਲ 485,000 ਨਵੇਂ ਸਥਾਈ ਨਿਵਾਸੀ ਸਵੀਕਾਰ ਕਰਨ ਵਾਲਾ ਹੈ, ਇਸ ਵਿਚਕਾਰ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫੈਡਰਲ ਪਬਲਿਕ ਸਰਵੈਂਟ ਨੇ ਦੋ ਸਾਲ ਪਹਿਲਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਇਮੀਗ੍ਰੇਸ਼ਨ ਵਿਚ ਵੱਡਾ ਵਾਧਾ ਰਿਹਾਇਸ਼ ਦੀ ਸਮਰੱਥਾ ਅਤੇ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 2022 ਵਿਚ ਸਰਕਾਰ ਨੂੰ ਕਿਹਾ ਸੀ ਕਿ ਕੈਨੇਡਾ ਦੀ ਆਬਾਦੀ ਉਪਲਬਧ ਰਿਹਾਇਸ਼ੀ ਯੂਨਿਟਾਂ ਤੋਂ ਵੱਧ ਹੋ ਗਈ ਹੈ।
ਹਾਲਾਂਕਿ, ਇਸ ਮਗਰੋਂ ਸਰਕਾਰ ਨੇ 2025 ਅਤੇ 2026 ਲਈ ਇਮੀਗ੍ਰੇਸ਼ਨ ਲੈਵਲ ਨੂੰ ਪਹਿਲਾਂ ਤੋਂ ਨਿਰਧਾਰਤ 5 ਲੱਖ ਦੇ ਟਾਰਗੇਟ ’ਤੇ ਸਥਿਰ ਰੱਖਣ ਦਾ ਫੈਸਲਾ ਕੀਤਾ ਪਰ ਫਿਰ ਵੀ 2025 ਵਿਚ ਕੈਨੇਡਾ 2015 ਦੇ ਮੁਕਾਬਲੇ ਲਗਭਗ ਦੁੱਗਣੇ ਸਥਾਈ ਨਿਵਾਸੀਆਂ ਦਾ ਸਵਾਗਤ ਕਰੇਗਾ।
ਗੌਰਤਲਬ ਹੈ ਕਿ ਰਿਹਾਇਸ਼ ਦੀ ਸਮਰੱਥਾ ਇਸ ਸਮੇਂ ਲਿਬਰਲ ਸਰਕਾਰ ਲਈ ਇੱਕ ਵੱਡੀ ਰਾਜਨੀਤੀ ਚੁਣੌਤੀ ਹੈ। ਪਿਛਲੇ ਸਾਲ ਕਈ ਚੋਣਾਂ ਵਿਚ ਕੰਜ਼ਰਵੇਟਿਵ ਲਿਬਰਲ ਨੂੰ ਪਛਾੜਦੇ ਦੇਖੇ ਗਏ ਸਨ।
ਇਸ ਤੋਂ ਬਾਅਦ ਟਰੂਡੋ ਸਰਕਾਰ ਨੇ ਹਾਊਸਿੰਗ ਪਾਲਿਸੀ ’ਤੇ ਜ਼ੋਰ ਦੇਣ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਨਵੇਂ ਨਿਯਮ ਲਾਗੂ ਕਰਨੇ ਸ਼ੁਰੂ ਕੀਤੇ ਹਨ, ਜਿਵੇਂ ਕਿ ਸਟੱਡੀ ਪਰਮਿਟ ਹਾਸਲ ਕਰਨ ਲਈ ਫੰਡ ਸ਼ੋਅ ਕਰਨ ਦੀ ਲਿਮਟ 20 ਹਜ਼ਾਰ ਡਾਲਰ ਕੀਤੀ ਗਈ ਹੈ।




