Jun 11, 2024 6:27 PM - The Canadian Press

ਕੈਨੇਡੀਅਨ ਪਾਰਲੀਮੈਂਟ ਦੇ ਕੁਝ ਮੈਂਬਰਸ ਦੇ ਵਿਦੇਸ਼ੀ ਸਰਕਾਰਾਂ ਨਾਲ ਮਿਲੀਭੁਗਤ ਵਿਚ ਸ਼ਾਮਲ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ ਗ੍ਰੀਨ ਪਾਰਟੀ ਦੀ ਲੀਡਰ ਐਲਿਜ਼ਾਬੈਥ ਮੇਅ ਨੇ ਅੱਜ ਦਾਅਵਾ ਕੀਤਾ ਕਿ ਸੰਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ ਦੀ ਰਿਪੋਰਟ ਵਿਚ ਅਜਿਹੇ ਕਿਸੇ ਵੀ ਮੌਜੂਦਾ ਐੱਮ.ਪੀ. ਦਾ ਨਾਮ ਨਹੀਂ ਹੈ ਜਿਸ ਨੇ ਕੈਨੇਡਾ ਨਾਲ ਗੱਦਾਰੀ ਕੀਤੀ ਹੋਵੇ, ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ ਦੀ ਰਿਪੋਰਟ ਨੂੰ ਪੜ੍ਹ ਕੇ ਮੈਂ ਆਪਣੇ ਲਈ ਇਹ ਕਹਿ ਸਕਦੀ ਹਾਂ ਕਿ ਹਾਊਸ ਔਫ ਕੌਮਨਜ਼ ਵਿਚ ਮੈਨੂੰ ਹੁਣ ਇਸ ਬਾਰੇ ਕੋਈ ਚਿੰਤਾ ਨਹੀਂ ਕਿਉਂਕਿ ਅਜਿਹੇ ਪਾਰਲੀਮੈਂਟ ਦੀ ਕੋਈ ਸੂਚੀ ਨਹੀਂ, ਜਿਨ੍ਹਾਂ ਨੇ ਕੈਨੇਡਾ ਨਾਲ ਗੱਦਾਰੀ ਦਿਖਾਈ ਹੋਵੇ।
ਗੌਰਤਲਬ ਹੈ ਕਿ ਇੰਟੈਲੀਜੈਂਸ ਵਾਚਡੌਗ ਨੇ ਪਿਛਲੇ ਹਫ਼ਤੇ ਇੱਕ ਜਨਤਕ ਰਿਪੋਰਟ ਵਿਚ ਕਿਹਾ ਸੀ ਕਿ ਕੁਝ ਸਾਂਸਦਾਂ ਨੇ ਜਾਣਬੁੱਝ ਕੇ ਵਿਦੇਸ਼ੀ ਸਰਕਾਰਾਂ ਨੂੰ ਕੈਨੇਡਾ ਦੀ ਰਾਜਨੀਤੀ ਵਿਚ ਦਖ਼ਲ ਦੇਣ ਵਿਚ ਸਹਾਇਤਾ ਕੀਤੀ ਸੀ।
ਮੇਅ ਦਾ ਕਹਿਣਾ ਹੈ ਕਿ ਰਿਪੋਰਟ ਦੇ ਪੂਰੇ ਸੰਸਕਰਣ ਵਿਚ ਉਨ੍ਹਾਂ ਐੱਮ.ਪੀ. ਦੀ ਸੂਚੀ ਨਹੀਂ ਜੋ ਕੈਨੇਡਾ ਪ੍ਰਤੀ ਵਫਾਦਾਰ ਨਹੀਂ ਰਹੇ। ਉਨ੍ਹਾਂ ਕਿਹਾ ਕਿ ਰਿਪੋਰਟ ਵਿਚ ਇੱਕ ਸਾਬਕਾ ਸਾਂਸਦ ਉੱਤੇ ਵਿਦੇਸ਼ੀ ਏਜੰਟ ਨਾਲ ਗੁਪਤ ਜਾਣਕਾਰੀ ਸਾਂਝਾ ਕਰਨ ਦਾ ਆਰੋਪ ਲਗਾਇਆ ਗਿਆ ਹੈ, ਜਿਸ ਦੀ ਅਧਿਕਾਰੀਆਂ ਵਲੋਂ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਪਰ ਪੂਰੀ ਰਿਪੋਰਟ ਵਿਚ ਉਸ ਸਾਬਕਾ ਸੰਸਦ ਮੈਂਬਰ ਦਾ ਨਾਂ ਨਹੀਂ ਹੈ।




