Oct 11, 2024 2:02 PM - Connect Newsroom - Mandeep Kaur with files from The Associated Press

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਵੀਰਵਾਰ ਰਾਤ ਨੂੰ ਹਥਿਆਰਬੰਦ ਹਮਲਾਵਰਾਂ ਵੱਲੋਂ ਕੀਤੇ ਗਏ ਹਮਲੇ ਵਿਚ 20 ਮਜ਼ਦੂਰ ਮਾਰੇ ਗਏ ਅਤੇ 7 ਹੋਰ ਜ਼ਖ਼ਮੀ ਹੋਏ, ਪੁਲਿਸ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ।
ਪੁਲਿਸ ਅਧਿਕਾਰੀ ਹਮਾਯੂਨ ਖ਼ਾਨ ਨਸੀਰ ਦੇ ਅਨੁਸਾਰ, ਹਮਲਾਵਰਾਂ ਨੇ ਡੁਕੀ ਜ਼ਿਲ੍ਹੇ ਵਿਚ ਕੋਲਾ ਖਾਣੀ ਦੇ ਮਜ਼ਦੂਰਾਂ ਦੇ ਰਹਿਣ ਵਾਲੇ ਕਮਰਿਆਂ ’ਤੇ ਹਮਲਾ ਕੀਤਾ ਅਤੇ ਸਾਰੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਗੋਲੀਆਂ ਮਾਰ ਦਿੱਤੀਆਂ।
ਮਾਰੇ ਗਏ ਬਹੁਤ ਸਾਰੇ ਮਜ਼ਦੂਰ ਪਸ਼ਤੂਨ ਬੋਲਣ ਵਾਲੇ ਖੇਤਰਾਂ ਨਾਲ ਸਬੰਧਤ ਸਨ, ਜਦਕਿ ਤਿੰਨ ਮਾਰੇ ਗਏ ਅਤੇ ਚਾਰ ਜ਼ਖ਼ਮੀ ਮਜ਼ਦੂਰ ਅਫਗਾਨ ਨਾਗਰਿਕ ਸਨ।
ਕਿਸੇ ਵੀ ਗਰੁੱਪ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਹਮਲਾ ਉਸ ਵੇਲੇ ਹੋਇਆ ਹੈ ਜਦੋਂ ਪਾਕਿਸਤਾਨ ਕੁਝ ਦਿਨਾਂ ਬਾਅਦ ਇੱਕ ਵੱਡੀ ਸੁਰੱਖਿਆ ਸੰਮੇਲਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਇਹ ਚਾਰ ਦਿਨਾਂ ਵਿਚ ਦੂਜਾ ਵੱਡਾ ਆਤੰਕੀ ਹਮਲਾ ਹੈ — ਇਸ ਤੋਂ ਪਹਿਲਾਂ 6 ਅਕਤੂਬਰ ਨੂੰ ਕਰਾਚੀ ਹਵਾਈ ਅੱਡੇ ਨੇੜੇ ਧਮਾਕੇ ਵਿਚ ਤਿੰਨ ਲੋਕ ਮਾਰੇ ਗਏ ਅਤੇ 11 ਜ਼ਖ਼ਮੀ ਹੋਏ ਸਨ।
ਬਲੋਚਿਸਤਾਨ ਪਿਛਲੇ ਕਈ ਸਾਲਾਂ ਤੋਂ ਵੱਖਵਾਦੀ ਹਿੰਸਾ ਅਤੇ ਆਤੰਕਵਾਦੀ ਹਮਲਿਆਂ ਨਾਲ ਪੀੜਤ ਰਿਹਾ ਹੈ, ਜਿੱਥੇ ਕੋਲਾ ਖਾਣੀਆਂ ਅਤੇ ਪਰਵਾਸੀ ਮਜ਼ਦੂਰ ਅਕਸਰ ਨਿਸ਼ਾਨੇ ’ਤੇ ਰਹਿੰਦੇ ਹਨ।




