Jun 11, 2025 6:30 PM - Connect Newsroom

ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਿਓਰਟੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪੱਤਰ ਲਿਖ ਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਲਈ ਸੱਦਾ ਦਿੱਤੇ ਜਾਣ 'ਤੇ ਭਾਰੀ ਨਿਰਾਸ਼ਾ ਜ਼ਾਹਰ ਕੀਤੀ ਹੈ।
ਸਿੱਖ ਫੈਡਰੇਸ਼ਨ ਕੈਨੇਡਾ ਦੇ ਬੁਲਾਰੇ ਮਨਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਕਿ ਇਹ ਜ਼ਖ਼ਮਾਂ 'ਤੇ ਲੂਣ ਛਿੜਕਣ ਵਰਗਾ ਹੈ ਅਤੇ ਫੋਰਨ ਅਫੇਅਰ ਕਮਿਸ਼ਨ ਵੀ ਇਹ ਪੁਸ਼ਟੀ ਕਰ ਚੁੱਕਾ ਹੈ ਕਿ ਸਿੱਖ ਭਾਈਚਾਰਾ ਪਿਛਲੇ ਕਈ ਸਾਲਾਂ ਤੋਂ ਭਾਰਤ ਸਰਕਾਰ ਦੇ ਏਜੰਟਸ ਵਲੋਂ ਕੀਤੀ ਜਾ ਰਹੀ ਲਗਾਤਾਰ ਹਿੰਸਾ ਤੋਂ ਪੀੜਤ ਹੈ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਮੋਦੀ ਦੇ ਸੱਦੇ ਨੂੰ ਵਾਪਸ ਲੈਣ ਅਤੇ ਭਾਈ ਨਿੱਝਰ ਦੇ ਕਤਲ ਦੀ ਜਾਂਚ ਪੂਰੀ ਹੋਣ ਤੱਕ ਭਾਰਤ ਨਾਲ ਸਾਰੇ ਤਰ੍ਹਾਂ ਦੇ ਡਿਪਲੋਮੈਟਿਕ ਸਬੰਧਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
ਗੌਰਤਲਬ ਹੈ ਕਿ ਪੀਐੱਮ ਮਾਰਕ ਕਾਰਨੀ ਨੇ ਮੋਦੀ ਨੂੰ ਸੱਦੇ ਜਾਣ ਦੀ ਚਿੰਤਾਵਾਂ 'ਤੇ ਸ਼ੁੱਕਰਵਾਰ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਮੇਰਾ ਸੰਦੇਸ਼ ਇਹੀ ਹੈ ਕਿ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਦੇਸ਼ ਹਾਂ, ਕੈਨੇਡਾ ਵਿਚ ਰੂਲ ਆਫ ਲਾਅ ਉਸੇ ਤਰ੍ਹਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਚੱਲਣਾ ਚਾਹੀਦਾ ਹੈ ਅਤੇ ਮੈਂ ਉਸ ਪ੍ਰਕਿਰਿਆ ਵਿੱਚ ਵਿਘਨ ਨਹੀਂ ਪਾਉਣ ਜਾ ਰਿਹਾ।




